ਸਿਰਸਾ ਨਾਲ ਮੁਲਾਕਾਤ ਦੀਆਂ ਚਰਚਾਵਾਂ ‘ਤੇ ਚੰਦੂਮਾਜਰਾ ਨੇ ਦਿੱਤਾ ਵੱਡਾ ਬਿਆਨ, ਪੜ੍ਹੋ ਕੀ ਕਿਹਾ

ਪੰਜਾਬ

ਮੋਰਿੰਡਾ , 16 ਅਕਤੂਬਰ (ਭਟੋਆ) –

ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਹਾਲ ਹੀ ਵਿੱਚ ਦਿੱਲੀ ਦੇ ਉਦਯੋਗ ਮੰਤਰੀ ਮਨਜਿੰਦਰ ਸਿੰਘ ਸਿਰਸਾ ਨਾਲ ਹੋਈ ਆਪਣੀ ਮੁਲਾਕਾਤ ਸਬੰਧੀ ਚੱਲ ਰਹੀਆਂ ਰਾਜਸੀ ਚਰਚਾਵਾਂ ‘ਤੇ ਵੱਡਾ ਬਿਆਨ ਦੰਦਿਆਂ ਇਹਨਾਂ ਚਰਚਾਵਾਂ ਨੂੰ ਨਿਰਮੂਲ ਕਰਾਰ ਦਿੱਤਾ ਹੈ।

ਇੱਥੇ ਪੰਥਕ ਕਵੀ ਬਲਬੀਰ ਸਿੰਘ ਬੱਲ ਦੀ ਪਤਨੀ ਸਵ.ਸਤਵੰਤ ਕੌਰ ਦੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਣ ਲਈ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਪਹੁੰਚੇ ਪੋ. ਚੰਦੂਮਾਜਰਾ ਨੇ ਸਪੱਸ਼ਟ ਕੀਤਾ ਕਿ ਇਹ ਮੁਲਾਕਾਤ ਕਿਸੇ ਵੀ ਰਾਜਸੀ ਮਨਸੂਬੇ ਦੇ ਤਹਿਤ ਨਹੀਂ ਹੋਈ ਸੀ, ਨਾ ਹੀ ਇਸਨੂੰ ਕਿਸੇ ਨਵੇਂ ਰਾਜਨੀਤਿਕ ਗਠਜੋੜ ਜਾਂ ਦਾਖਲੇ ਨਾਲ ਜੋੜ ਕੇ ਦੇਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਹ ਮਾਇਕਰੋ, ਸਮਾਲ ਅਤੇ ਮੀਡੀਅਮ ਇੰਟਰਪ੍ਰਾਈਜ਼ਜ਼ (MSMEs) ਨਾਲ ਜੁੜੇ ਕੁਝ ਉਦਯੋਗਪਤੀਆਂ ਦੇ ਇਕ ਵਫਦ ਦੇ ਸਾਥੀ ਵਜੋਂ ਸ੍ਰੀ ਸਿਰਸਾ ਨੂੰ ਮਿਲਣ ਗਏ ਸਨ।

ਪ੍ਰੋਫੈਸਰ ਚੰਦੂ ਮਾਜਰਾ ਨੇ ਕਿਹਾ, “ਪੰਜਾਬ ਅਤੇ ਦਿੱਲੀ ਵਿੱਚ ਛੋਟੇ ਉਦਯੋਗਾਂ ਨੂੰ ਅਨੇਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਮੁਲਾਕਾਤ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਹੋਈ ਸੀ। ਉਦਯੋਗਪਤੀਆਂ ਨੇ ਉਮੀਦ ਜਤਾਈ ਸੀ ਕਿ ਜੇਕਰ ਦਿੱਲੀ ਦੇ ਉਦਯੋਗ ਮੰਤਰੀ ਸ੍ਰੀ ਸਿਰਸਾ ਨੂੰ ਇਹ ਸਬੰਧੀ ਮਸਲੇ ਪੇਸ਼ ਕੀਤੇ ਜਾਣ ਤਾਂ ਜੋ ਕੋਈ ਹੱਲ ਨਿਕਲ ਸਕੇ।”

ਉਨਾ ਇਹ ਵੀ ਕਿਹਾ ਇਸ ਸਬੰਧੀ ਵਿਰੋਧੀਆਂ ਵੱਲੋ ਲਗਾਏ ਜਾ ਰਹੇ ਤਰਾਂ ਤਰਾਂ ਦੇ ਦੂਸ਼ਣ ਬਿਲਕੁਲ ਨਿਰਮੂਲ ਹਨ ਕਿ ਉਹ ਇਸ ਮੁਲਾਕਾਤ ਰਾਹੀ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ। ਉਨਾ ਦੱਸਿਆ ਕਿ ਵਿਰੋਧੀ ਪਾਰਟੀ ਦੀਆਂ ਸਰਕਾਰਾਂ ਵਿਚ ਆਪਣੇ ਖਿੱਤੇ ਦੇ ਲੋਕਾਂ ਦੇ ਮਸਲੇ ਹੱਲ ਕਰਵਾਉਣ ਲਈ ਮੰਤਰੀਆਂ ਨੂੰ ਮਿਲਣ ਦੇ ਰਾਜਸੀ ਅਰਥ ਕੱਢਣ ਤੋ ਪਹਿਲਾਂ ਸਬੰਧਤ ਲੋਕਾਂ ਦੀਆਂ ਸਮੱਸਿਆਵਾ ਵੱਲ ਨਜ਼ਰ ਮਾਰਨੀ ਚਾਹੀਦੀ ਹੈ, ਅਤੇ ਅਫਵਾਹਾਂ ਫੈਲਾਉਣ ਤੋਂ ਗਰੇਜ ਕਰਨਾ ਚਾਹੀਦਾ

ਉਨਾ ਇਹ ਵੀ ਕਿਹਾ ਕਿ ਵਪਾਰ ਤੇ ਉਦਯੋਗ ਕਿਸੇ ਵੀ ਇਲਾਕੇ ਦੀ ਆਰਥਿਕ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਇਨ੍ਹਾਂ ਦੀ ਰੱਖਿਆ ਕਰਨੀ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਇਸ ਲਈ ਸਾਨੂੰ ਰਾਜਨੀਤੀ ਤੋਂ ਉਪਰ ਉਠ ਕੇ, ਸਮਾਜ ਅਤੇ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ।

ਇਸ ਬਿਆਨ ਦੇ ਆਉਣ ਨਾਲ, ਉਹ ਚਰਚਾਵਾਂ ਜੋ ਇਹ ਅਨੁਮਾਨ ਲਾ ਰਹੀਆਂ ਸਨ ਕਿ ਪ੍ਰੋਫੈਸਰ ਮਾਜਰਾ ਕਿਸੇ ਨਵੇਂ ਰਾਜਸੀ ਰੁੱਖ ਵੱਲ ਵਧ ਰਹੇ ਹਨ, ਦੇ ਫਿਲਹਾਲ ਠੰਢਾ ਪੈਣ ਦੀ ਸੰਭਾਵਨਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।