ਵਫ਼ਦ ਨੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ, ਸਕੂਲ ਦੇ ਬੁਨਿਆਦੀ ਢਾਂਚੇ, ਮਿਆਰੀ ਸਿੱਖਿਆ ਅਤੇ ਪੌਸ਼ਟਿਕ ਮਿਡ-ਡੇਅ ਮੀਲ ਦੀ ਕੀਤੀ ਸ਼ਲਾਘਾ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 17 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਲਾਗੂ ਕੀਤੇ ਜਾ ਰਹੇ ਸਿੱਖਿਆ ਸਬੰਧੀ ਸੁਧਾਰਾਂ ਅਤੇ ਨਵੀਨਤਾਕਾਰੀ ਸਿੱਖਿਆ ਪਹਿਲਕਦਮੀਆਂ ਬਾਰੇ ਜਾਣਨ ਲਈ ਫਿਨਲੈਂਡ ਦੇ ਇੱਕ ਛੋਟੇ ਵਫ਼ਦ ਨੇ ਅੱਜ ਮੋਹਾਲੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ। ਫਿਨਲੈਂਡ ਦੇ ਇਸ ਵਫ਼ਦ ਵਿੱਚ ਦੋ ਅਧਿਆਪਕ ਅਤੇ ਇੱਕ ਸਕੂਲ ਸਿਹਤ ਕਰਮਚਾਰੀ ਸ਼ਾਮਲ ਸੀ।
ਵਫ਼ਦ ਦੇ ਮੈਂਬਰ ਮਿਸ ਪੌਲਾ ਸੈਂਟਾਨੇਨ, ਮਿਸ ਰਿੱਕਾ ਟੋਇਵੋਨੇਨ ਅਤੇ ਮਿਸ ਹਾਨਾ ਹੀਕੀਲਾ ਨੇ ਸਕੂਲ ਆਫ਼ ਐਮੀਨੈਂਸ, ਫੇਜ਼ 11, ਮੋਹਾਲੀ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਇੰਗਲਿਸ਼ ਹੈਲਪਰ ਪ੍ਰੋਗਰਾਮ ਅਧੀਨ ਕੀਤੀਆਂ ਜਾ ਰਹੀਆਂ ਕਲਾਸਰੂਮ ਗਤੀਵਿਧੀਆਂ ਨੂੰ ਦੇਖਿਆ ਅਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਦੇ ਆਤਮਵਿਸ਼ਵਾਸ, ਅੰਗਰੇਜ਼ੀ ਬੋਲਣ ਦੇ ਹੁਨਰ ਅਤੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸਿਰਜੇ ਗਏ ਸਿੱਖਣ ਦੇ ਪ੍ਰਗਤੀਸ਼ੀਲ ਮਾਹੌਲ ਦੀ ਪ੍ਰਸ਼ੰਸਾ ਕੀਤੀ।
ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਗਿੰਨੀ ਦੁੱਗਲ ਅਤੇ ਪ੍ਰਿੰਸੀਪਲ ਲਵਿਸ਼ ਚਾਵਲਾ ਦੇ ਨਾਲ ਵਫ਼ਦ ਨੇ ਮਾਪੇ-ਅਧਿਆਪਕ ਮਿਲਣੀ ਵਿੱਚ ਵੀ ਹਿੱਸਾ ਲਿਆ, ਜਿੱਥੇ ਉਨ੍ਹਾਂ ਨੇ ਸਿੱਖਿਆ ਵਿੱਚ ਭਾਈਚਾਰੇ ਦੀ ਸ਼ਮੂਲੀਅਤ ਨੂੰ ਸਮਝਣ ਲਈ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਅਜਿਹੀਆਂ ਮਿਲਣੀਆਂ ਰਾਹੀਂ ਮਾਪਿਆਂ ਦੀ ਸਰਗਰਮ ਭਾਗੀਦਾਰੀ ਅਤੇ ਪਾਰਦਰਸ਼ਤਾ ਦੀ ਸ਼ਲਾਘਾ ਕੀਤੀ।
ਆਧੁਨਿਕ ਬੁਨਿਆਦੀ ਢਾਂਚੇ, ਇੰਟਰਐਕਟਿਵ ਡਿਜੀਟਲ ਪੈਨਲਾਂ ਅਤੇ ਤਕਨਾਲੋਜੀ-ਸੰਚਾਲਿਤ ਕਲਾਸਰੂਮਾਂ ਤੋਂ ਪ੍ਰਭਾਵਿਤ ਹੋ ਕੇ, ਵਫ਼ਦ ਨੇ ਆਧੁਨਿਕ ਤੇ ਮਿਆਰੀ ਸਿੱਖਿਆ ਪ੍ਰਤੀ ਪੰਜਾਬ ਦੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ, “ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਲਾਸਰੂਮਾਂ ਸਿੱਖਿਆ ਵਿੱਚ ਤਕਨਾਲੋਜੀ ਨੂੰ ਸ਼ਾਮਲ ਕਰਨਾ ਮਿਸਾਲੀ ਪਹਿਲਕਦਮੀ ਹੈ। ਇਹ ਵਿਦਿਆਰਥੀਆਂ ਦੀ ਸ਼ਮੂਲੀਅਤ ਨੂੰ ਵਧਾਉਣ ਦੇ ਨਾਲ-ਨਾਲ ਉਨ੍ਹਾਂ ਵਿੱਚ ਰਚਨਾਤਮਕਤਾ ਅਤੇ ਵਿਸ਼ਵਾਸ ਨੂੰ ਵੀ ਉਤਸ਼ਾਹਿਤ ਕਰਦਾ ਹੈ।”
ਵਫ਼ਦ ਨੇ ਸਕੂਲ ਦੀ ਰਸੋਈ ਦਾ ਵੀ ਦੌਰਾ ਕੀਤਾ ਅਤੇ ਮਿਡ-ਡੇਅ ਮੀਲ ਦਾ ਸਵਾਦ ਚੱਖਿਆ। ਵਫਦ ਨੇ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਪ੍ਰਦਾਨ ਕਰਨ ਸਬੰਧੀ ਸੂਬਾ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਕਾਦਮਿਕ ਉੱਤਮਤਾ ਨੂੰ ਸਿਹਤ ਅਤੇ ਤੰਦਰੁਸਤੀ ਨਾਲ ਜੋੜਨ ਦੇ ਸੰਪੂਰਨ ਦ੍ਰਿਸ਼ਟੀਕੋਣ ਦੀ ਸ਼ਲਾਘਾ ਕੀਤੀ।
ਇਸ ਮੌਕੇ ਬੋਲਦਿਆਂ ਡਾ. ਗਿੰਨੀ ਦੁੱਗਲ ਨੇ ਕਿਹਾ ਕਿ ਫਿਨਲੈਂਡ ਦੇ ਸਿੱਖਿਆ ਮਾਹਿਰਾਂ ਦੀ ਮੌਜੂਦਗੀ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਅਤੇ ਫਿਨਲੈਂਡ ਦਰਮਿਆਨ ਵਧ ਰਹੇ ਸਹਿਯੋਗ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ, “ਇਹ ਭਾਈਵਾਲੀ ਗਿਆਨ ਦੇ ਆਦਾਨ-ਪ੍ਰਦਾਨ, ਅਧਿਆਪਕ ਸਿਖਲਾਈ ਅਤੇ ਪਾਠਕ੍ਰਮ ਵਿਕਾਸ ‘ਤੇ ਕੇਂਦ੍ਰਿਤ ਹੈ, ਜੋ ਸਾਡੀ ਸਿੱਖਿਆ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗੀ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਦੇ ਅਧਿਆਪਕਾਂ ਦਾ ਇੱਕ ਹੋਰ ਬੈਚ ਇਸੇ ਸਾਲ ਨਵੰਬਰ ਵਿੱਚ ਐਡਵਾਂਸ ਸਿਖਲਾਈ ਲਈ ਫਿਨਲੈਂਡ ਜਾਵੇਗਾ।”
ਮਾਪੇ ਅਧਿਆਪਕ ਮੀਟਿੰਗ ਵਿੱਚ ਸ਼ਾਮਲ ਮਾਪਿਆਂ ਰਾਜਵਿੰਦਰ ਕੌਰ ਅਤੇ ਸੋਨੀਆ ਸੰਧੂ ਨੇ ਸਰਕਾਰ ਦੇ ਸਿੱਖਿਆ ਸੁਧਾਰਾਂ ‘ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਬੁਨਿਆਦੀ ਢਾਂਚੇ, ਅਧਿਆਪਨ ਦੀ ਗੁਣਵੱਤਾ ਅਤੇ ਸਿੱਖਣ ਦੇ ਸਾਰਥਕ ਮਾਹੌਲ ਕਾਰਨ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਦੀ ਵਿੱਚੋਂ ਹਟਾ ਕੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਹੈ।
ਵਫ਼ਦ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗੋਬਿੰਦਗੜ੍ਹ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੂੰ ਹੋਟਲ ਮੈਨੇਜਮੈਂਟ ਟਰੇਡ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਸੁਆਦੀ ਦੁਪਹਿਰ ਦਾ ਖਾਣਾ ਪਰੋਸਿਆ ਗਿਆ। ਇਹ ਕੋਰਸ ਨੈਸ਼ਨਲ ਸਕਿੱਲ ਪ੍ਰੋਗਰਾਮ ਅਧੀਨ ਚਲਾਇਆ ਜਾ ਰਿਹਾ ਹੈ।