ਜਗਰਾਓਂ, 17 ਅਕਤੂਬਰ: ਦੇਸ਼ ਕਲਿੱਕ ਬਿਊਰੋ:
ਅੱਜ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੜੇ ਜੱਦੀ ਪਿੰਡ ਪੋਨਾ ਵਿੱਚ ਉਨ੍ਹਾਂ ਦੇ ਪਾਠ ਦੇ ਭੋਗ ਪਾਏ ਗਏ ਅਤੇ ਅੰਤਿਮ ਅਰਦਾਸ ਕੀਤੀ ਗਈ। ਇਸ ਸ਼ਰਧਾਂਜਲੀ ਸਮਾਗਮ ਵਿੱਚ ਪੰਜਾਬੀ ਗਾਇਕ ਰੇਸ਼ਮ ਅਨਮੋਲ, ਰਣਜੀਤ ਬਾਵਾ, ਸਤਿੰਦਰ ਸੱਤੀ, ਸਚਿਨ ਆਹੂਜਾ, ਬੂਟਾ ਮੁਹੰਮਦ ਅਤੇ ਗੱਗੂ ਗਿੱਲ ਸਮੇਤ ਕਈ ਹੋਰ ਕਲਾਕਾਰ ਸ਼ਾਮਲ ਹੋਏ। ਇਸ ਤੋਂ ਬਿਨਾਂ ਹੋਰ ਪ੍ਰਮੁੱਖ ਹਸਤੀਆਂ ਤੋਂ ਬਿਨਾਂ ਵੱਡੀ ਗਿਣਤੀ ‘ਚ ਪੂਰੇ ਪੰਜਾਬ ਤੋਂ ਲੋਕ ਸ਼ਾਮਿਲ ਹੋਏ। ਪਿੰਡ ਦੇ ਸਰਪੰਚ ਹਰਜੀਤ ਸਿੰਘ ਨੇ ਕਿਹਾ ਕਿ ਅੱਜ ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸਾਂ ਕੀਤੀਆਂ ਗਈਆਂ।
ਇਸ ਮੌਕੇ ਆਪਣੇ ਪਿਤਾ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਧੀ ਅਮਾਨਤ ਕੌਰ ਨੇ ਕਿਹਾ, “ਮੇਰੇ ਪਾਪਾ ਦੁਨੀਆ ਦੇ ਸਭ ਤੋਂ ਪਿਆਰੇ ਪਾਪਾ ਸਨ, ਉਹ ਮੈਨੂੰ ਆਪਣੀ ਲੱਕੀਚਾਰਮ ਸਮਝਦੇ ਸਨ। ਉਹ ਮੈਨੂੰ ਕਹਿੰਦੇ ਸੀ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ,’ ਅਤੇ ਮੈਂ ਤੇਰੇ ਤੋਂ ਦੂਰ ਨਹੀਂ ਜਾਵਾਂਗਾ, ਪਰ ਅੱਜ ਉਹ ਮੇਰੇ ਤੋਂ ਦੂਰ ਚਲੇ ਗਏ ਹਨ। ਜੋ ਮੇਰੇ ਪਿਤਾ ਨਾਲ ਹੋਇਆ ਉਹ ਕਿਸੇ ਹੋਰ ਨਾਲ ਨਾ ਹੋਵੇ।
ਉੱਥੇ ਹੀ ਇਸ ਮੌਕੇ ਰਾਜਵੀਰ ਜਵੰਦਾ ਦੀ ਭੈਣ, ਕਮਲਜੀਤ ਕੌਰ ਨੇ ਕਿਹਾ, “ਆਉਣ ਵਾਲੀ ਸਾਰੀ ਸੰਗਤ ਦਾ ਦਿਲੋਂ ਧੰਨਵਾਦ। ਤੁਸੀਂ ਸਾਰੇ ਜਾਣਦੇ ਹੋ ਕਿ ਮੇਰਾ ਪਿਆਰਾ ਅਤੇ ਵੱਡਾ ਭਰਾ, ਰਾਜਵੀਰ, ਮੇਰੇ ਪਿਤਾ ਦੀ ਮੌਤ ਤੋਂ ਬਾਅਦ ਮੇਰੇ ਲਈ ਪਿਤਾ ਵਰਗਾ ਸੀ। ਮੇਰਾ ਸੁਪਨਾ ਸੀ ਕਿ ਮੇਰਾ ਭਰਾ ਪੁਲਿਸ ਅਫਸਰ ਬਣੇ। ਉਹ ਮੇਰੇ ਪਿਤਾ ਨਾਲੋਂ ਵੀ ਵਧੀਆ ਅਫਸਰ ਅਤੇ ਇੱਕ ਵਧੀਆ ਗਾਇਕ ਬਣੇ। ਮੇਰੀ ਮਾਂ ਨੇ ਹਮੇਸ਼ਾ ਮੇਰੇ ਭਰਾ ਨੂੰ ਸ਼ੇਰ ਵਾਂਗ ਪਾਲਿਆ। ਉਸਦਾ ਮੇਰੀ ਮਾਂ ਨਾਲ ਖਾਸ ਪਿਆਰ ਸੀ।”
ਇਸ ਮੌਕੇ ਰਾਜ ਸਭਾ ਮੈਂਬਰ ਵਿਕਰਮ ਸਾਹਨੀ ਨੇ ਐਲਾਨ ਕੀਤਾ ਕਿ ਜਵੰਦਾ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ। ਸਰਕਾਰ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਚੁੱਕੇਗੀ। ਉਹ ਇਸ ਮਾਮਲੇ ਸਬੰਧੀ ਜਲਦੀ ਹੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕਰਨਗੇ।
ਭੋਗ ਸੰਮੇਲਨ ਵਿੱਚ ਸ਼ਾਮਲ ਹੋਏ ਗੱਗੂ ਗਿੱਲ ਨੇ ਕਿਹਾ ਕਿ ਅਜਿਹੇ ਪ੍ਰਤਿਭਾਸ਼ਾਲੀ ਲੋਕ ਬਹੁਤ ਘੱਟ ਹੁੰਦੇ ਹਨ। ਉਸ ਨੇ ਛੋਟੀ ਉਮਰ ਵਿੱਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ। ਇਸ ਦੌਰਾਨ, ਇੰਦਰਜੀਤ ਨਿੱਕੂ ਨੇ ਕਿਹਾ ਕਿ ਰਾਜਵੀਰ ਜਵੰਦਾ ਦੇ ਦੇਹਾਂਤ ‘ਤੇ ਪੂਰਾ ਪੰਜਾਬੀ ਭਾਈਚਾਰਾ ਦੁਖੀ ਹੈ। ਬੂਟਾ ਮੁਹੰਮਦ ਨੇ ਕਿਹਾ ਕਿ ਰੱਬ ਦਾ ਹੁਕਮ ਮੰਨਣਾ ਚਾਹੀਦਾ ਹੈ। ਉਹ ਨਾ ਤਾਂ ਕੱਚੀ ਅਤੇ ਨਾ ਹੀ ਪੱਕੀ ਫ਼ਸਲ ਦੇਖਦਾ ਹੈ।