ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼: ਪਰਚਾ ਦਰਜ

ਪੰਜਾਬ

ਮੋਰਿੰਡਾ 18 ਅਕਤੂਬਰ – ਭਟੋਆ

ਮੋਰਿੰਡਾ ਸ਼ਹਿਰੀ ਪੁਲਿਸ ਨੇ ਨਜ਼ਦੀਕੀ ਪਿੰਡ ਮੰਡਾਂ ਦੇ ਇੱਕ ਵਿਅਕਤੀ ਵੱਲੋਂ ਪਿੰਡ ਬਲਦੇਵ ਨਗਰ ਦੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 9 ਲੱਖ ਰੁਪਏ ਦੀ ਠੱਗੀ ਮਾਰਨ ਤੇ ਧੋਖਾਦੇਹੀ ਕਰਨ ਸਬੰਧੀ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਮੁਖ ਸਿੰਘ ਐਸ ਐਚ ਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਨਜ਼ਦੀਕੀ ਪਿੰਡ ਬਲਦੇਵ ਨਗਰ ਦੇ ਪੂਰਨ ਚੰਦ ਪੁੱਤਰ ਲੱਖਮੀ ਦਾਸ ਵੱਲੋਂ ਅਗਸਤ 2025 ਵਿੱਚ ਐਸਐਸਪੀ ਰੂਪਨਗਰ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਹ ਪਿੰਡ ਮੰਡਾਂ ਵਿਖੇ ਨਵੀਂ ਲੱਗੀ ਫਰੀਡਨਵਰਗ ਕੰਪਨੀ ਵਿੱਚ ਬਤੌਰ ਮਜ਼ਦੂਰ ਕੰਮ ਕਰਦਾ ਹੈ ,ਜਿੱਥੇ ਉਸ ਨਾਲ ਪਿੰਡ ਮੰਡਾਂ ਦਾ ਰਹਿਣ ਵਾਲਾ ਅੰਮ੍ਰਿਤਪਾਲ ਸਿੰਘ ਪੁੱਤਰ ਪ੍ਰਕਾਸ਼ ਸਿੰਘ ਵੀ ਕੰਮ ਕਰਦਾ ਹੈ, ਜਿਸ ਨੇ ਉਸ ਨੂੰ ਆਪਣੇ ਕਿਸੇ ਨਜ਼ਦੀਕੀ ਰਿਸ਼ਤੇਦਾਰ ਕੋਲ ਇਟਲੀ ਵਿਚ ਆਪਣੇ ਨਜਦੀਕੀ ਰਿਸ਼ਤੇਦਾਰ ਦੇ ਫਾਰਮ ਹਾਊਸ ਵਿੱਚ ਭੇਜਣ ਅਤੇ 3, 20000 ਰੁਪਏ ਮਹੀਨਾ ਤਨਖਾਹ ਮਿਲਣ ਦੇ ਸਬਜ਼ਬਾਗ ਦਿਖਾ ਕੇ ਉਸ ਨਾਲ 9 ਲੱਖ ਰੁਪਏ ਦੀ ਠੱਗੀ ਮਾਰ ਕੇ ਧੋਖਾਦੇਹੀ ਕੀਤੀ ਹੈ।

ਜਿਹੜਾ ਹੁਣ ਨਾ ਤਾਂ ਉਸ ਨੂੰ ਵਿਦੇਸ਼ ਭੇਜ ਰਿਹਾ ਹੈ ਅਤੇ ਨਾ ਹੀ ਉਸਦਾ ਪਾਸਪੋਰਟ ਅਤੇ ਪੈਸੇ ਵਾਪਸ ਕਰ ਰਿਹਾ ਹੈ । ਪੂਰਨ ਚੰਦ ਨੇ ਆਪਣੀ ਦਰਖਾਸਤ ਵਿੱਚ ਦੱਸਿਆ ਕਿ ਅੰਮ੍ਰਿਤ ਪਾਲ ਸਿੰਘ ਉਸ ਨੂੰ ਵੱਖ-ਵੱਖ ਵਿਅਕਤੀਆਂ ਨਾਲ ਫੋਨ ਤੇ ਹੀ ਗੱਲ ਕਰਵਾਕੇ ਉਸ ਕੋਲੋ ਗੂਗਲ ਪੇ ਰਾਂਹੀ ਅਤੇ ਕੈਸ਼ ਵਸੂਲਦਾ ਰਿਹਾ ਹੈ, ਜਿਸ ਦੇ ਉਸ ਕੋਲ ਸਾਰੇ ਸਬੂਤ ਮੌਜੂਦ ਹਨ ।ਪੂਰਨ ਚੰਦ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਅੰਮ੍ਰਿਤਪਾਲ ਸਿੰਘ ਨੇ ਕਥਿਤ ਤੌਰ ਤੇ ਇਟਲੀ ਰਹਿੰਦੇ ਜਿਸ ਵਿਅਕਤੀ ਨਾਲ ਉਸ ਦੀ ਫੋਨ ਤੇ ਗੱਲ ਕਰਵਾਈ ਗਈ ਤਾਂ ਉਸ ਨੇ ਭਰੋਸਾ ਦਿੱਤਾ ਸੀ ਕਿ ਉਸ ਦਾ ਇਟਲੀ ਵਿੱਚ ਗਾਵਾਂ ਦਾ ਫਾਰਮ ਹੈ ਤੇ ਉਸ ਦੀ ਬੇਟੀ ਹੋਣ ਭਾਰਤ ਆਈ ਹੋਈ ਹੈ ਜੋ ਜੀਰਕਪੁਰ ਵਿਖੇ ਰਹਿੰਦੀ ਹੈ ਤੁਸੀਂ ਉਸ ਨਾਲ ਤਾਲਮੇਲ ਕਰਕੇ ਗੱਲਬਾਤ ਅੱਗੇ ਵਧਾਓ ਪ੍ਰੰਤੂ ਅੰਮ੍ਰਿਤ ਪਾਲ ਸਿੰਘ ਨੇ ਵਿਅਕਤੀਗਤ ਤੌਰ ਤੇ ਉਸ ਨੂੰ ਆਪਣੇ ਕਿਸੇ ਰਿਸ਼ਤੇਦਾਰ ਨਾਲ ਨਹੀਂ ਮਿਲਾਇਆ ਸਗੋਂ ਫੋਨ ਤੇ ਹੀ ਗੱਲ ਕਰਵਾਉਦਾ ਰਿਹਾ।

ਪੂਰਨ ਚੰਦ ਨੇ ਜਿਲਾ ਪੁਲਿਸ ਮੁਖੀ ਤੋਂ ਮੰਗ ਕੀਤੀ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਉਸ ਨਾਲ ਠੱਗੀ ਮਾਰੀ ਗਈ ਤੇ ਕੀਤੀ ਗਈ ਧੋਖਾਧੜੀ ਸਬੰਧੀ ਸਖਤ ਕਾਰਵਾਈ ਕਰਦੇ ਹੋਏ ਉਸ ਦਾ ਪਾਸਪੋਰਟ ਅਤੇ 9 ਲੱਖ ਰੁਪਏ ਵਾਪਸ ਕਰਵਾਏ ਜਾਣ। ਐਸਐਚਓ ਗੁਰਮੁਖ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਡੀਐਸਪੀ ਮੋਰਿੰਡਾ ਵੱਲੋਂ ਪੜਤਾਲ ਕਰਨ ਉਪਰੰਤ ਅਤੇ ਜਿਲਾ ਪੁਲਿਸ ਮੁਖੀ ਦੀ ਪ੍ਰਵਾਨਗੀ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।