ਚੰਡੀਗੜ੍ਹ, 18 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਧਨਤੇਰਸ ਦੇ ਮੌਕੇ ‘ਤੇ ਪੰਜਾਬ ਦੇ ਸ਼ਹਿਰਾਂ ਦੇ ਬਜ਼ਾਰਾਂ ‘ਚ ਅੱਜ ਖਰੀਦਦਾਰੀ ਲਈ ਦਿਨਭਰ ਰੌਣਕਾਂ ਲੱਗੀਆਂ ਰਹੀਆਂ। ਸਵੇਰੇ ਤੋਂ ਹੀ ਲੋਕ ਸੋਨੇ-ਚਾਂਦੀ, ਬਰਤਨ, ਇਲੈਕਟ੍ਰਾਨਿਕ ਸਮਾਨ, ਗੱਡੀਆਂ ਤੇ ਘਰੇਲੂ ਉਪਕਰਣਾਂ ਦੀ ਖਰੀਦ ਲਈ ਮਾਰਕੀਟਾਂ ਦਾ ਰੁਖ ਕਰਦੇ ਨਜ਼ਰ ਆਏ। ਜਿੱਥੇ ਧਨਤੇਰਸ ਮੌਕੇ ਬਜ਼ਾਰਾਂ ‘ਚ ਰੌਣਕਾਂ ਲੱਗੀਆਂ ਰਹੀਆਂ ਉੱਥੇ ਹੀ ਤਿਉਹਾਰ ਦੀ ਚਹਲ-ਪਹਲ ਕਾਰਨ ਮੁੱਖ ਸੜਕਾਂ ‘ਤੇ ਦਿਨ ਭਰ ਟ੍ਰੈਫ਼ਿਕ ਜਾਮ ਦੀ ਸਥਿਤੀ ਬਣੀ ਰਹੀ।
ਚੰਡੀਗੜ੍ਹ ਦੇ ਵੱਖ-ਵੱਖ ਸੈਕਟਰਾਂ ਅਤੇ ਮੋਹਾਲੀ ਦੀਆਂ ਮਾਰਕੀਟਾਂ ਵਿੱਚ ਖਰੀਦਦਾਰਾਂ ਦਾ ਜ਼ਬਰਦਸਤ ਉਤਸ਼ਾਹ ਦੇਖਣ ਨੂੰ ਮਿਲਿਆ। ਦੁਕਾਨਾਂ ‘ਤੇ ਲੋਕਾਂ ਦੀ ਲੰਬੀਆਂ ਕਤਾਰਾਂ ਬਣੀਆਂ ਰਹੀਆਂ। ਸ਼ਾਮ ਦੇ ਸਮੇਂ ਟ੍ਰੈਫ਼ਿਕ ਪੁਲਿਸ ਨੂੰ ਵੀ ਖਾਸ ਇੰਤਜ਼ਾਮ ਕਰਨੇ ਪਏ।
ਉੱਥੇ ਹੀ ਲੁਧਿਆਣਾ ‘ਚ ਘੁਮਾਰਮੰਡੀ, ਘੰਟਾ ਘਰ ਅਤੇ ਹੋਜਰੀ ਬਜ਼ਾਰ ਖਰੀਦਦਾਰਾਂ ਨਾਲ ਖਚਾਖਚ ਭਰੇ ਰਹੇ। ਵਪਾਰੀਆਂ ਨੇ ਦੱਸਿਆ ਕਿ ਇਸ ਵਾਰ ਧਨਤੇਰਸ ‘ਤੇ ਵਿਕਰੀ ਪਿਛਲੇ ਸਾਲ ਨਾਲੋਂ ਵਧੀਆ ਰਹੀ ਹੈ। ਲੋਕਾਂ ‘ਚ “ਸੋਨੇ ਦੀ ਕੀਮਤ ਉੱਚੀ ਹੋਣ ਦੇ ਬਾਵਜੂਦ ਲੋਕਾਂ ਦਾ ਜੋਸ਼ ਘੱਟ ਨਹੀਂ ਹੋਇਆ।”
ਅੰਮ੍ਰਿਤਸਰ ਦੇ ਦੇ ਬਜ਼ਾਰਾਂ ‘ਚ ਵੀ ਸਵੇਰੇ ਤੋਂ ਹੀ ਭਾਰੀ ਭੀੜ ਰਹੀ। ਬਰਤਨਾਂ ਤੇ ਇਲੈਕਟ੍ਰਾਨਿਕ ਸਮਾਨ ਦੀਆਂ ਦੁਕਾਨਾਂ ‘ਤੇ ਖਾਸ ਤੌਰ ‘ਤੇ ਗਾਹਕਾਂ ਦਾ ਰੁਝਾਨ ਰਿਹਾ। ਇਸ ਤੋਂ ਬਿਨਾ ਪੰਜਾਬ ਦੇ ਹੋਰ ਵੱਡੇ ਸ਼ਹਿਰਾਂ ਜਲੰਧਰ, ਪਟਿਆਲਾ, ਮੋਗਾ, ਬਠਿੰਡਾ ਅਤੇ ਹੋਰ ਸ਼ਹਿਰਾਂ ‘ਚ ਵੀ ਰੌਣਕਾਂ ਰਹੀਆਂ। ਇਸ ਵਾਰ ਦੀ ਧਨਤੇਰਸ ਨੇ ਬਜ਼ਾਰਾਂ ਵਿੱਚ ਨਵੀਂ ਰੌਣਕ ਭਰ ਦਿੱਤੀ ਹੈ। ਤਿਉਹਾਰ ਦੇ ਜੋਸ਼ ਨਾਲ ਨਾਲ ਲੋਕਾਂ ਨੇ ਘਰਾਂ ਵਿੱਚ ਧਨਵੰਤਰੀ ਦੀ ਪੂਜਾ ਕਰਕੇ ਸੁੱਖ-ਸਮ੍ਰਿੱਧੀ ਦੀ ਕਾਮਨਾ ਕੀਤੀ। ਉੱਥੇ ਹੀ ਸੜਕਾਂ ‘ਤੇ ਲੋਕ ਟ੍ਰੈਫਿਕ ਕਾਰਨ ਖੱਜਲ ਹੁੰਦੇ ਨਜ਼ਰ ਆਏ।