ਸ੍ਰੀ ਚਮਕੌਰ ਸਾਹਿਬ / ਮੋਰਿੰਡਾ 21 ਅਕਤੂਬਰ (ਭਟੋਆ)
ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਪਿੰਡ ਮਾਣੇਮਾਜਰਾ ਦੇ ਇੱਕ ਵਿਅਕਤੀ ਵੱਲੋਂ ਆਪਣੀ ਨੂੰਹ ਨੂੰ ਯੂਕੇ ਵਿੱਚ ਸਪੋਂਸਰਸ਼ਿਪ ਦਿਵਾਉਣ ਦਾ ਝਾਂਸਾ ਦੇ ਕੇ 21 ਲੱਖ ਰੁਪਏ ਤੋਂ ਵੱਧ ਦੀ ਠੱਗੀ ਮਾਰਨ ਤੇ ਧੋਖਾਦੇਹੀ ਕਰਨ ਸਬੰਧੀ ਜਿਲਾ ਪੁਲਿਸ ਮੁਖੀ ਨੂੰ ਦਿੱਤੀ ਦਰਖਾਸਤ ਦੀ ਪੜਤਾਲ ਉਪਰੰਤ ਦੋਸ਼ੀ ਇਮੀਗ੍ਰੇਸ਼ਨ ਏਜਂਟ ਖਿਲਾਫ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਪ੍ਰੀਤ ਸਿੰਘ ਐਸਐਚਓ ਨੇ ਦੱਸਿਆ ਕਿ ਜਗਮੋਹਨ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮਾਣੇਮਾਜਰਾ, ਥਾਣਾ ਸ੍ਰੀ ਚਮਕੌਰ ਸਾਹਿਬ ਨੇ ਅਗਸਤ 2025 ਵਿੱਚ ਐਸਐਸਪੀ ਰੂਪਨਗਰ ਨੂੰ ਦਿੱਤੀ ਦਰਖਾਸਤ ਵਿੱਚ ਦੱਸਿਆ ਕਿ ਉਸਦਾ ਲੜਕਾ ਹੁਸਨਪ੍ਰੀਤ ਸਿੰਘ ਅਤੇ ਨੂੰਹ ਅਮਨਦੀਪ ਕੌਰ ਯੂਕੇ ਵਿੱਚ ਰਹਿੰਦੇ ਹਨ, ਜਿੱਥੇ ਅਮਨਦੀਪ ਕੌਰ ਦਾ ਵੀਜਾ ਸਮਾਪਤ ਹੋ ਰਿਹਾ ਸੀ, ਜਿਸ ਨੂੰ ਆਪਣਾ ਵੀਜ਼ਾ ਅੱਗੇ ਵਧਾਉਣ ਲਈ ਸਪੋਂਸਰਸ਼ਿਪ ਦੀ ਜਰੂਰਤ ਸੀ, ਜਿਸ ਸਬੰਧੀ ਉਸਦੇ ਲੜਕੇ ਨੂੰ ਕਿਸੇ ਜਾਣਕਾਰ ਨੇ ਚਰਨਜੀਤ ਸਿੰਘ ਪੁੱਤਰ ਗੁਰਬਖਸ਼ ਸਿੰਘ , ਨਿਵਾਸੀ ਫੇਜ 1, ਰਾਮ ਦਰਬਾਰ ਚੰਡੀਗੜ੍ਹ ਬਾਰੇ ਦੱਸਿਆ ਕਿ ਉਹ ਅਮਨਦੀਪ ਕੌਰ ਦੀ ਸਪੋਂਸਰਸ਼ਿਪ ਦਾ ਹੱਲ ਕਰ ਸਕਦਾ ਹੈ। ਜਗਮੋਹਨ ਸਿੰਘ ਨੇ ਦੱਸਿਆ ਕਿ ਜੂਨ 2025 ਵਿੱਚ ਉਨਾ ਨੇ ਚਰਨਜੀਤ ਸਿੰਘ ਦਾ ਫੋਨ ਨੰਬਰ ਲੈ ਕੇ ਉਸ ਨਾਲ ਸਪੋਂਸਰਸ਼ਿਪ ਸੰਬੰਧੀ ਗੱਲਬਾਤ ਕੀਤੀ, ਜਿਸ ਨੇ ਸਪੋਂਸਰਸ਼ਿਪ ਮੰਗਵਾਉਣ ਤੇ ਵੀਜ਼ਾ ਅੱਗੇ ਵਧਾਉਣ ਲਈ ਉਹਨਾਂ ਕੋਲ 21,50000 /- ਰੁਪਏ ਦੀ ਮੰਗ ਕੀਤੀ ਗਈ ਅਤੇ 15 ਦਿਨਾਂ ਤੋਂ ਇੱਕ ਮਹੀਨੇ ਦੇ ਅੰਦਰ ਅੰਦਰ ਇਹ ਕੰਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਵਿਸ਼ਵਾਸ ਦਵਾਇਆ ਕਿ ਤੁਹਾਡਾ ਕੰਮ ਗਰੰਟੀ ਨਾਲ ਹੋਵੇਗਾ ਪਰੰਤੂ ਇਸ ਲਈ ਤੁਹਾਨੂੰ ਸਾਰੀ ਪੇਮੈਂਟ ਪਹਿਲਾਂ ਦੇਣੀ ਪਵੇਗੀ।
ਜਗਮੋਹਨ ਸਿੰਘ ਨੇ ਅੱਗੇ ਦੱਸਿਆ ਕਿ ਚਰਨਜੀਤ ਸਿੰਘ ਤੇ ਵਿਸ਼ਵਾਸ ਕਰਨ ਉਪਰੰਤ ਉਹਨਾਂ ਨੇ ਚਰਨਜੀਤ ਸਿੰਘ ਵੱਲੋਂ ਦੱਸੇ ਗਏ ਵੱਖ ਵੱਖ ਖਾਤਿਆਂ ਵਿੱਚ ਅਤੇ ਕੈਸ਼ ਵਜੋਂ ਕੁੱਲ 21,77500 ਰੁਪਏ ਅਦਾ ਕਰ ਦਿੱਤੇ , ਪ੍ਰੰਤੂ ਚਰਨਜੀਤ ਸਿੰਘ ਵੱਲੋਂ ਸਪਾਂਸਰਸ਼ਿਪ ਮੰਗਵਾ ਕੇ ਨਹੀਂ ਦਿੱਤੀ ਗਈ , ਸਗੋਂ ਇਹ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਗਈ ਕਿ ਬਾਹਰ ਵਾਲੇ ਵਿਅਕਤੀ ਭੱਜ ਗਏ ਹਨ ਤੇ ਤੁਹਾਡੀ ਰਕਮ ਡੁੱਬ ਗਈ ਹੈ। ਜਗਮੋਹਨ ਸਿੰਘ ਨੇ ਦੱਸਿਆ ਕਿ ਪਹਿਲਾਂ ਤਾਂ ਚਰਨਜੀਤ ਸਿੰਘ ਉਨਾਂ ਨੂੰ ਲਾਰੇ ਲੱਪੇ ਲਗਾਉਂਦਾ ਰਿਹਾ ਪਰੰਤੂ ਬਾਅਦ ਵਿੱਚ ਉਸਨੇ ਸਪਾਂਸਰਸ਼ਿਪ ਦਾ ਕੰਮ ਨਾ ਕਰਵਾਉਣ ਸਬੰਧੀ ਸਪਸ਼ਟ ਜਵਾਬ ਦੇ ਦਿੱਤਾ।
ਜਗਮੋਹਨ ਸਿੰਘ ਅਨੁਸਾਰ ਉਕਤ ਨੌਸਰਬਾਜ ਇਮੀਗ੍ਰੇਸ਼ਨ ਏਜੈਂਟ ਨੇ ਉਹਨਾਂ ਨਾਲ ਸ਼ਰੇਆਮ ਧੋਖਾਧੜੀ ਅਤੇ ਵਿਸ਼ਵਾਸਘਾਤ ਕੀਤਾ ਹੈ ਅਤੇ ਉਸਦੀ ਵੱਡੀ ਰਕਮ ਹੜੱਪ ਗਿਆ ਹੈ , ਅਤੇ ਹੁਣ ਇਹਨਾਂ ਪੈਸਿਆਂ ਨਾਲ ਹੀ ਉਹ ਵਿਦੇਸ਼ ਭੱਜਣ ਦੀ ਤਾਕ ਵਿੱਚ ਹੈ ।ਜਗਮੋਹਨ ਸਿੰਘ ਨੇ ਦੱਸਿਆ ਕਿ ਇਹ ਇਮੀਗ੍ਰੇਸ਼ਨ ਏਜੈਂਟ ਹੁਣ ਨਾ ਤਾਂ ਉਹਨਾਂ ਦਾ ਫੋਨ ਅਟੈਂਡ ਕਰਦਾ ਹੈ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ ਸਗੋਂ ਉਸ ਦੇ ਵਿਦੇਸ਼ ਬੈਠੇ ਬੱਚਿਆਂ ਨੂੰ ਵੀ ਧਮਕਾ ਰਿਹਾ ਹੈ । ਇਸ ਲਈ ਚਰਨਜੀਤ ਸਿੰਘ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ ਉਸਦੇ ਪੈਸੇ ਵਾਪਸ ਕਰਵਾਏ ਜਾਣ ।
ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਜਗਮੋਹਨ ਸਿੰਘ ਵੱਲੋਂ ਦਿੱਤੀ ਦਰਖਾਸਤ ਦੀ ਪੜਤਾਲ ਉਪ ਪੁਲਿਸ ਕਪਤਾਨ ਸਥਾਨਕ ਰੂਪਨਗਰ ਵੱਲੋਂ ਕੀਤੀ ਗਈ, ਜਿਸ ਦੌਰਾਨ ਪਾਇਆ ਗਿਆ ਕਿ ਚਰਨਜੀਤ ਸਿੰਘ ਨੇ ਜਗਮੋਹਨ ਸਿੰਘ ਦੀ ਨੂੰਹ ਅਮਨਦੀਪ ਕੌਰ ਨੂੰ ਸਪਾਂਸਰਸ਼ਿਪ ਦਿਵਾਉਣ ਦਾ ਝਾਂਸਾ ਦੇ ਕੇ 21,77500 ਰੁਪਏ ਦੀ ਠੱਗੀ ਮਾਰੀ ਹੈ।
ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਸ਼ਿਕਾਇਤ ਕਰਤਾ ਵੱਲੋਂ ਲਗਾਏ ਗਏ ਦੋਸ਼ ਸਿੱਧ ਹੋ ਜਾਣ ਅਤੇ ਐਸਐਸਪੀ ਰੂਪਨਗਰ ਦੀ ਪ੍ਰਵਾਨਗੀ ਹਾਸਲ ਕਰਨ ਉਪਰੰਤ ਚਰਨਜੀਤ ਸਿੰਘ ਖਿਲਾਫ ਬੀਐਨਐਸ ਦੀ ਧਾਰਾ 318 (4 ) ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।