ਅਧਿਆਪਕਾਂ ਮੰਗਾਂ ‘ਤੇ DTF ਦੀ ਸਿੱਖਿਆ ਸਕੱਤਰ ਨਾਲ ਹੋਈ ਮੀਟਿੰਗ

ਪੰਜਾਬ
  • ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਦੀਆਂ ਤਰੱਕੀਆਂ ਅਤੇ ਭਰਤੀਆਂ ਨੂੰ ਸਮਾਂਬਧ ਮੁਕੰਮਲ ਕਰਨ ਦਾ ਭਰੋਸਾ
  • ਅਧਿਆਪਕਾਂ ਦੀ ਗ਼ੈਰ ਵਿਦਿਅਕ ਡਿਊਟੀ ਦੀ ਭਰਮਾਰ ਹੋਣ ਦਾ ਮੁੱਦਾ ਗਰਮਾਇਆ:- ਸਿੱਖਿਆ ਸਕੱਤਰ ਵੱਲੋਂ ਵਾਜਿਬ ਹੱਲ ਦਾ ਭਰੋਸਾ

ਮੋਰਿੰਡਾ 21 ਅਕਤੂਬਰ (ਭਟੋਆ )

ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਵੱਲੋਂ ਅਧਿਆਪਕਾਂ ਦੇ ਸਿੱਖਿਆ ਵਿਭਾਗ ਨਾਲ ਜੁੜੇ ਭਖਦੇ ਮਸਲੇ ਸਮੇਤ ਪੇਅ ਫਿਕਸੇਸ਼ਨਾਂ, ਤਰੱਕੀਆਂ, ਬਦਲੀਆਂ ਅਤੇ ਨਵੀਆਂ ਭਰਤੀਆਂ ਨੂੰ ਲੈ ਕੇ ਸਕੱਤਰ ਉਚੇਰੀ ਅਤੇ ਸਕੂਲ ਸਿੱਖਿਆ ਸ਼੍ਰੀਮਤੀ ਅਨਿੰਦਿਤਾ ਮਿਤਰਾ ਨਾਲ ਜਥੇਬੰਦੀ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਹੇਠ ਵਿਦਿਆ ਭਵਨ ਵਿਖੇ ਮੀਟਿੰਗ ਕੀਤੀ ਗਈ।

ਜਿਸ ਵਿੱਚ 6635 ਈਟੀਟੀ ਯੂਨੀਅਨ ਦੇ ਜਨਰਲ ਸਕੱਤਰ ਸ਼ਲਿੰਦਰ ਕੰਬੋਜ, 4161 ਅਧਿਆਪਕ ਯੂਨੀਅਨ ਦੇ ਪ੍ਰਧਾਨ ਸੰਦੀਪ ਗਿੱਲ, ਡੀਪੀਈ 873 ਤੋਂ ਗੁਰਵਿੰਦਰ ਸਿੰਘ, ਈਟੀਟੀ 5994 ਤੋਂ ਰਮੇਸ਼ ਸਿੰਘ ਅਤੇ ਈਟੀਟੀ 180 ਤੋਂ ਗੌਰਵ ਸ਼ਰਮਾ ਤੋਂ ਇਲਾਵਾ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਸ਼੍ਰੀ ਹਰਪ੍ਰੀਤ ਸਿੰਘ ਤੇ ਵੱਖ-ਵੱਖ ਸਹਾਇਕ ਡਾਇਰੈਕਟਰ ਵੀ ਸ਼ਾਮਿਲ ਹੋਏ। ਸਿੱਖਿਆ ਸਕੱਤਰ ਨੇ ਮਸਲੇ ਸਮਾਂਬਧ ਰੂਪ ਵਿੱਚ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਪਰਾਲੀ ਸਾੜਨ ਤੋਂ ਰੋਕਣ, ਹੜ੍ਹਾਂ ਦੀ ਰੋਕਥਾਮ ਅਤੇ ਬੂਥ ਲੈਵਲ ਅਫ਼ਸਰ ਵਜੋਂ ਲੱਗੀਆਂ ਹਜਾਰਾਂ ਅਧਿਆਪਕਾਂ ਦੀਆਂ ਸਮੁੱਚੀਆਂ ਗ਼ੈਰ ਵਿਦਿਅਕ ਡਿਊਟੀਆਂ ਰੱਦ ਕਰਨ ਦੀ ਮੰਗ ਨੂੰ ਵੀ ਜੋਰਦਾਰ ਢੰਗ ਨਾਲ ਰੱਖਿਆ ਗਿਆ, ਜਿਸ ‘ਤੇ ਸਿੱਖਿਆ ਸਕੱਤਰ ਨੇ ਢੁੱਕਵੀਂ ਕਾਰਵਾਈ ਕਰਨ ਦਾ ਭਰੋਸਾ ਦਿੱਤਾ।

ਡੀ.ਟੀ.ਐੱਫ ਦੇ ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ ਅਤੇ ਸੂਬਾ ਮੀਤ ਪ੍ਰਧਾਨ ਗੁਰਪਿਆਰ ਸਿੰਘ ਕੋਟਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਿੱਖਿਆ ਸਕੱਤਰ ਨੇ 12 ਸਾਲ ਤੋਂ ਬੇਇਨਸਾਫੀ ਦਾ ਸ਼ਿਕਾਰ ਡਾ.ਰਵਿੰਦਰ ਕੰਬੋਜ ਨੂੰ ਜਾਰੀ ਟਰਮੀਨੇਸ਼ਨ ਪੱਤਰ ਰੱਦ ਨੂੰ ਲੈ ਕੇ ਉੱਚ ਅਦਾਲਤ ਦੇ ਫੈਸਲੇ ਸਬੰਧੀ ਐਡਵੋਕੇਟ ਜਨਰਲ ਦੇ ਦਫ਼ਤਰ ਨਾਲ ਰਾਬਤੇ ਵਿੱਚ ਹੋਣ ਅਤੇ 180 ਈਟੀਟੀ ਅਧਿਆਪਕਾਂ ਨੂੰ ਮੁੱਢਲੀ ਭਰਤੀ 4500 ਈਟੀਟੀ ਦੇ ਸਾਰੇ ਲਾਭ ਬਹਾਲ ਕਰਨ ਦਾ ਮਾਮਲਾ ਵਿੱਤ ਵਿਭਾਗ ਕੋਲ ਅਗਲੇਰੀ ਕਾਰਵਾਈ ਲਈ ਭੇਜਿਆ ਹੋਣ ਦੀ ਗੱਲ ਆਖੀ ਗਈ ਹੈ। ਸਿੱਖਿਆ ਸਕੱਤਰ ਨੇ ਸਬੰਧਿਤ ਬ੍ਰਾਂਚ ਨੂੰ ਓਡੀਐੱਲ ਅਧਿਆਪਕਾਂ ਦੇ ਤਨਖਾਹ ਬਕਾਏ ਦੀ ਫਾਈਲ ਬਣਾ ਕੇ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਪੈਂਡਿੰਗ ਰੈਗੂਲਰ ਆਰਡਰਾਂ ਦੇ ਮਾਮਲੇ ਵਿੱਚ ਹਾਂ ਪੱਖੀ ਭੂਮਿਕਾ ਨਿਭਾਉਣ ਦਾ ਭਰੋਸਾ ਦਿੱਤਾ ਹੈ।

ਰਿਕਾਸਟ ਸੂਚੀਆਂ ਵਿੱਚੋਂ ਬਾਹਰ ਹੋਏ 250 ਦੇ ਕਰੀਬ ਅਧਿਆਪਕਾਂ ਅਤੇ 3582 ਮਾਸਟਰ ਕਾਡਰ ਨੂੰ ਡਾਈਟਾਂ ਵਿੱਚ ਟ੍ਰੇਨਿਗਾਂ ‘ਤੇ ਭੇਜਣ ਅਨੁਸਾਰ ਸਾਰੇ ਪੈਡਿੰਗ ਲਾਭ ਦੇਣ ਦੇ ਮਾਮਲੇ ਹੱਲ ਹੋਣ ਦੀ ਠੀਕ ਦਿਸ਼ਾ ਵਿੱਚ ਅੱਗੇ ਵਧਣ ਦੀ ਜਾਣਕਾਰੀ ਮਿਲੀ ਹੈ। ਇਸੇ ਤਰ੍ਹਾਂ ਈਟੀਟੀ ਦੇ 6635, 5994, 2364, ਮਾਸਟਰ ਕਾਡਰ ਦੇ 4161, 3704, 2392 ਅਤੇ ਲੈਕਚਰਾਰ ਦੇ 569 ਅਸਾਮੀਆਂ ‘ਤੇ 17 ਜੁਲਾਈ 2020 ਤੋਂ ਬਾਅਦ ਨਿਯੁਕਤ ਅਧਿਆਪਕਾਂ ਦੀਆਂ ਤਨਖਾਹਾਂ ਛੇਵੇਂ ਪੰਜਾਬ ਪੇਅ ਕਮਿਸ਼ਨ ਅਨੁਸਾਰ ਸਹੀ ਢੰਗ ਨਾਲ ਫਿਕਸ ਕਰਨ ਅਤੇ ਰਹਿੰਦੇ ਸਪੀਕਿੰਗ ਆਰਡਰ ਜਾਰੀ ਕਰਨ ਦੀ ਮੰਗ ਵੀ ਰੱਖੀ ਗਈ ਹੈ।

ਸਿੱਖਿਆ ਸਕੱਤਰ ਨੇ ਮੀਟਿੰਗ ਵਿੱਚ ਦੱਸਿਆ ਕਿ ਸੀ.ਐੱਚ.ਟੀ. ਤੋਂ ਬੀਪੀਈਓ, ਵੋਕੇਸ਼ਨਲ ਟੀਚਰ ਅਤੇ ਪ੍ਰਾਇਮਰੀ, ਓਸੀਟੀ, ਸੀਐਂਡਵੀ, ਨਾਨ-ਟੀਚਿੰਗ ਤੋਂ ਮਾਸਟਰ ਕਾਡਰ, ਮਾਸਟਰ ਤੋਂ ਹੈਡਮਾਸਟਰ ਤੇ ਲੈਕਚਰਾਰ ਅਤੇ ਅੱਗੇ ਪ੍ਰਿੰਸੀਪਲ ਕਾਡਰ ਤੱਕ ਦੀ ਕਈ ਸਾਲਾਂ ਤੋਂ ਪੈਡਿੰਗ ਤਰੱਕੀ ਇਸ ਸਾਲ 31 ਦਸੰਬਰ ਤੋਂ ਪਹਿਲਾਂ ਮੁਕੰਮਲ ਕਰ ਦਿੱਤੀ ਜਾਵੇਗੀ, ਇਸੇ ਤਰ੍ਹਾਂ ਜੋਗਰਫ਼ੀ ਅਤੇ ਫਿਜੀਕਲ ਐਜੂਕੇਸ਼ਨ ਵਿਸ਼ਿਆਂ ਦੀ ਲੈਕਚਰਾਰ ਪੋਸਟਾਂ ‘ਚ ਤਰਕ ਸੰਗਤ ਵਾਧਾ ਕਰਕੇ ਪ੍ਰਮੋਸ਼ਨ ਕਰਨ ਅਤੇ ਹਰੇਕ ਸਕੂਲ ਵਿੱਚ ਡੀਪੀਈ ਦੀ ਪੋਸਟ ਦੇਣ ਦੀ ਮੰਗ ਨੂੰ ਵਿਚਾਰਨ ਦਾ ਭਰੋਸਾ ਦਿੱਤਾ ਗਿਆ।

ਮਾਸਟਰ ਤੋਂ ਲੈਕਚਰਾਰ ਪ੍ਰੋਮੋਟ ਹੋਏ ਅਧਿਆਪਕਾਂ ਦੀ ਸਟੇਸ਼ਨ ਚੋਣ ਪ੍ਰਕਿਰਿਆ ਵਿੱਚ ਰਹੀਆਂ ਉਣਤਾਈਆਂ ਦੂਰ ਨਾ ਕਰਨ ਪ੍ਰਤੀ ਜਥੇਬੰਦੀ ਵੱਲੋਂ ਸਖ਼ਤ ਇਤਰਾਜ਼ ਦਰਜ ਕਰਵਾਉਣ ਤੋਂ ਬਾਅਦ ਰਹਿੰਦੇ ਆਰਡਰ ਮੌਕੇ ‘ਤੇ ਜਾਰੀ ਕਰ ਦਿੱਤੇ ਗਏ। ਪੈਂਡਿੰਗ ਭਰਤੀਆਂ ਈ.ਟੀ.ਟੀ. 5994 ਤੇ 2364 ਮੁਕੰਮਲ ਕਰਨ ਸਮੇਤ ਨਵੀਂ ਭਰਤੀ 2000 ਪੀ.ਟੀ.ਆਈ. (ਪ੍ਰਾਇਮਰੀ), ਮਾਸਟਰ ਅਤੇ ਲੈਕਚਰਾਰਾਂ ਦੀ ਨਵੀਂ ਭਰਤੀ ਦਾ ਇਸ਼ਤਿਹਾਰ ਜਲਦ ਜਾਰੀ ਕਰਨ ਦਾ ਭਰੋਸਾ ਮਿਲਿਆ ਹੈ।

ਅੰਗਰੇਜ਼ੀ ਅਧਿਆਪਕਾਂ ਅਤੇ ਡੀ.ਪੀ.ਈ. ਕਾਡਰ ਦੀਆਂ ਬਣਦੀਆਂ ਖਾਲੀ ਅਸਾਮੀਆਂ ਸ਼ੋਅ ਕਰਕੇ ਬਦਲੀ ਦਾ ਵਿਸ਼ੇਸ਼ ਰਾਉਂਡ ਚਲਾਉਣ, ਸਾਲ 2024 ਵਿੱਚ ਦੂਰ ਦਰਾਡੇ ਪ੍ਰਮੋਟ ਹੋਏ ਅਧਿਆਪਕਾਂ, 4161 ਮਾਸਟਰ ਕਾਡਰ ਅਤੇ 6635 ਈਟੀਟੀ (ਵੇਟਿੰਗ ਲਿਸਟ), ਐਸੋਸੀਏਟ ਟੀਚਰਜ਼ ਨੂੰ ਬਦਲੀ ਦਾ ਬਿਨਾਂ ਸ਼ਰਤ ਮੌਕਾ ਦੇਣ ਅਤੇ ਬਦਲੀਆਂ ਦਾ ਅਗਲਾ ਰਾਊਂਡ ਸ਼ੁਰੂ ਕਰਨ ਪ੍ਰਤੀ ਜਲਦ ਫੈਸਲਾ ਲੈਣ ਦੀ ਗੱਲ ਆਖੀ ਗਈ ਹੈ। ਸਿੱਖਿਆ ਸਕੱਤਰ ਨੇ ਸਬੰਧਿਤ ਅਧਿਕਾਰੀਆਂ ਨੂੰ 8886 ਅਤੇ 5178 ਅਸਾਮੀਆਂ ‘ਤੇ ਰੈਗੂਲਰ ਹੋਏ ਪੁਰਸ਼ ਅਧਿਆਪਕਾਂ ਸਮੇਤ ਹੋਰਨਾਂ ਸਮਾਨ ਭਰਤੀਆਂ ਨੂੰ ਸਲਾਨਾ ਇਤਫਾਕਿਆ ਛੁੱਟੀਆਂ ‘ਚ ਵਾਧੇ ਮੌਕੇ ਠੇਕਾ ਅਧਾਰ ‘ਤੇ ਕੀਤੀ ਸੇਵਾ ਦੇ ਸਮੇਂ ਨੂੰ ਵੀ ਗਿਣਨ ਦੀ ਮੰਗ ਸਬੰਧੀ ਫਾਇਲ ਤਿਆਰ ਕਰਨ ਦੀ ਹਦਾਇਤ ਦਿੱਤੀ ਹੈ। ਇਸ ਮੌਕੇ ਡੀਟੀਐੱਫ ਆਗੂ ਬਲਵਿੰਦਰ ਸਿੰਘ ਸਤੌਜ, ਡਾ. ਰਵਿੰਦਰ ਕੰਬੋਜ ਅਤੇ ਹੋਰ ਵੀ ਮੌਜੂਦ ਰਹੇ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।