ਪੰਜਾਬ ’ਚ ਵੱਖ ਵੱਖ ਥਾਵਾਂ ਉਤੇ ਇੱਕ ਔਰਤ ਸਮੇਤ ਤਿੰਨ ਦਾ ਕਤਲ

ਪੰਜਾਬ

ਚੰਡੀਗੜ੍ਹ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਪੰਜਾਬ ਵਿੱਚ ਅੱਜ ਵਾਪਰੀਆਂ ਵੱਖ ਵੱਖ ਘਟਨਾਵਾਂ ਵਿੱਚ 7 ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ, ਤਰਨਤਾਰਨ ਅਤੇ ਪੱਟੀ ਦੇ ਪਿੰਡਾਂ ਵਿੱਚ ਹੋਏ ਵੱਖ ਵੱਖ ਝਗੜਿਆਂ ਦੌਰਾਨ ਚਾਰ ਵਿਅਕਤੀਆਂ ਦੀ ਜਾਨ ਚਲੀ ਗਈ।

ਫ਼ਤਿਹਗੜ੍ਹ ਸਾਹਿਬ :

ਦੀਵਾਲੀ ਵਾਲੀ ਰਾਤ ਨੂੰ ਦੋ ਨੌਜਵਾਨਾਂ ਵਿੱਚ ਹੋਇਆ ਮਾਮੂਲੀ ਝਗੜਾ ਖੂਨੀ ਰੂਪ ਲੈ ਗਿਆ। ਬੀਤੀ ਰਾਤ ਨੂੰ ਦੋ ਨੌਜਵਾਨਾ ਵਿੱਚ ਆਪਸੀ ਝਗੜਾ ਹੋਇਆ ਸੀ, ਇਸ ਤੋਂ ਬਾਅਦ ਇਕ ਨੌਜਵਾਨ ਦਾ ਦੂਜੇ ਨੇ ਸਵੇਰੇ ਕਰੀਬ ਸਵਾ ਛੇ ਵਜੇ ਉਸ ਸਮੇਂ ਕਤਲ ਕਰ ਦਿੱਤਾ ਜਦੋਂ ਉਹ ਆਪਣਾ ਕੁੱਤਾ ਘਰ ਦੇ ਬਾਹਰ ਘੁੰਮਾ ਰਿਹਾ ਸੀ। ਮ੍ਰਿਤਕ ਦੀ ਪਹਿਚਾਣ ਅਮਨਦੀਪ ਸਿੰਘ ਉਰਫ਼ ਸੰਮੀ ਵਾਸੀ ਵਾਰਡ ਛੇ ਦੱਸੀ ਜਾ ਰਹੀ ਹੈ, ਜਦੋਂ ਕਿ ਅਰੋਪੀ ਵਰਿੰਦਰ ਸਿੰਘ ਵਿਕੀ ਹੈ। ਕਤਲ ਤੋਂ ਬਾਅਦ ਮ੍ਰਿਤਕ ਦੇਪਰਿਵਾਰਕ ਮੈਂਬਰਾਂ ਨੇ ਮਾਮਲੇ ’ਚ ਲਾਪਰਵਾਹੀ ਵਰਤਣ ਦੇ ਦੋਸ਼ ਲਗਾਉਦੇ ਹੋਏ ਲੁਧਿਆਣਾ ਚੰਡੀਗੜ੍ਹ ਮਾਰਗ ’ਤੇ ਜਾਮ ਲਗਾ ਦਿੱਤਾ।

ਤਰਨਤਾਰਨ :

ਹਰੀਕੇ ਪੱਤਣ ਦੇ ਨੇੜਲੇ ਪਿੰਡ ਨੱਥੂਪੁਰ ਵਿਚ ਸਾਬਕਾ ਫੌਜੀ ਨੇ ਚਚੇਰੇ ਭਰਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਮੁਤਾਬਕ 38 ਸਾਲਾ ਰਣਜੀਤ ਸਿੰਘ ਰਾਣਾ ਆਪਣੇ ਘਰ ਅੱਗੇ ਖੜ੍ਹਾ ਸੀ ਕਿ ਉਸ ਦੇ ਚਚੇਰੇ ਭਰਾ ਸਾਬਕਾ ਫੌਜੀ ਹਰਪਾਲ ਸਿੰਘ ਪਾਲਾ ਨੇ ਆਪਣੀ ਰਾਈਫ਼ਲ ਨਾਲ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲ਼ੀ ਲੱਗਣ ਕਾਰਨ ਰਣਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਰਣਜੀਤ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦਾ ਇਕ ਬੇਟਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਚੋਹਲਾ ਸਾਹਿਬ ਦੇ ਐਸ. ਐਚ. ਓ. ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜ ਗਏ। ਦੋਸ਼ੀ ਹਰਪਾਲ ਸਿੰਘ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਪੱਟੀ :

ਪਿੰਡ ਧਗਾਣਾ ਵਿਖੇ ਪਟਾਕੇ ਅਤੇ ਉੱਚੀ ਆਵਾਜ਼ ਵਿਚ ਗਾਣੇ ਚਲਾਉਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਗੋਲੀ ਲੱਗਣ ਕਾਰਨ ਇਕ ਔਰਤ ਮੈਂਬਰ ਪੰਚਾਇਤ ਦੀ ਮੌਤ ਹੋ ਗਈ। ਪਿੰਡ ਧਗਾਣਾ ਵਿਖੇ ਰਾਤ ਕਰੀਬ 9:30 ਵਜੇ ਸਾਬਕਾ ਕਾਂਗਰਸੀ ਸਰਪੰਚ ਵਲੋਂ ਗੁਆਂਢ ਵਿਚ ਰਹਿੰਦੀ ਆਮ ਆਦਮੀ ਪਾਰਟੀ ਦੀ ਮੌਜੂਦਾ ਮੈਂਬਰ ਪੰਚਾਇਤ ਮਨਦੀਪ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਗੋਲੀ ਲੱਗਣ ਤੋਂ ਬਾਅਦ ਮਨਦੀਪ ਕੌਰ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਥਾਣਾ ਸਦਰ ਪੱਟੀ ਦੇ ਐਸਐਚਓ ਵਿਪਨ ਕੁਮਾਰ ਨੇ ਦੱਸਿਆ ਕਿ ਬੀਤੀ ਰਾਤ ਦੀਵਾਲੀ ਦੇ ਤਿਉਹਾਰ ਮੌਕੇ ਸਾਬਕਾ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਵਲੋਂ ਆਪਣੇ ਟਰੈਕਟਰ ਉੱਪਰ ਤੇਜ਼ ਆਵਾਜ਼ ਕਰਕੇ ਡੀ. ਜੇ. ਵਾਂਗ ਗਾਣੇ ਚਲਾਏ ਜਾ ਰਹੇ ਸਨ, ਜਿਸ ਦਾ ਵਿਰੋਧ ਨਜ਼ਦੀਕ ਰਹਿੰਦੇ ਜਤਿੰਦਰ ਸਿੰਘ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਵਲੋਂ ਕੀਤਾ ਗਿਆ। ਇਸ ਦੌਰਾਨ ਸੁਖਵਿੰਦਰ ਸਿੰਘ ਵਲੋਂ 12 ਬੋਰ ਦੇ ਰਾਈਫਲ ਨਾਲ ਜਤਿੰਦਰ ਸਿੰਘ ਅਤੇ ਉਸ ਦੇ ਰਿਸ਼ਤੇਦਾਰ ਜਗਰੂਪ ਸਿੰਘ ਉੱਪਰ ਫਾਇਰ ਕੀਤਾ ਜੋ ਜਤਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਜਾ ਲੱਗਾ। ਜ਼ਖਮੀ ਹਾਲਤ ਵਿਚ ਖੂਨ ਨਾਲ ਲੱਥਪੱਥ ਮਨਦੀਪ ਕੌਰ ਨੂੰ ਤੁਰੰਤ ਹਸਪਤਾਲ ਇਲਾਜ ਲਈ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਔਰਤਾਂ ਅਤੇ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।