ਨਵੀਂ ਦਿੱਲੀ, 22 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਵਿੱਚ ਇਕ ਅਜਿਹੀ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿਸ ਵਿੱਚ ਦਲਿਤ ਡਰਾਈਵਰ ਨੂੰ ਅਗਵਾ ਕਰਨ ਪਿੱਛੋਂ ਕੁੱਟਮਾਰ ਕੀਤੀ ਗਈ ਅਤੇ ਪਿਸ਼ਾਬ ਪਿਲਾਇਆ ਗਿਆ। ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਵਿਚੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸੁਰਪੁਰਾ ਖੇਤਰ ਵਿੱਚ ਇਕ ਦਲਿਤ ਡਰਾਈਵਰ ਨੂੰ ਅਗਵਾ ਕਰਕੇ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ ਅਤੇ ਫਿਰ ਜਬਰੀ ਪਿਸ਼ਾਬ ਪਿਲਾਇਆ ਗਿਆ। ਪੀੜਤ ਨੌਜਵਾਨ ਮੁਤਾਬਕ, ਉਹ ਗਵਾਲੀਅਰ ਦਾ ਰਹਿਣ ਵਾਲਾ ਹੈ ਅਤੇ ਭਿੰਡ ਦੇ ਇਕ ਵਿਅਕਤੀ ਦੀ ਕਾਰ ਚਲਾਉਂਦਾ ਸੀ। ਪ੍ਰੰਤੂ ਕੁਝ ਦਿਨ ਪਹਿਲਾਂ ਉਸਨੇ ਕੰਮ ਛੱਡ ਦਿੱਤਾ ਸੀ, ਜਿਸ ਤੋਂ ਨਾਰਾਜ਼ ਹੋ ਕੇ ਸੋਨੂੰ ਬਰੂਆ, ਆਲੋਕ ਪਾਠਕ ਅਤੇ ਛੋਟੂ ਓਝਾ ਨਾਮ ਦੇ ਤਿੰਨ ਵਿਅਕਤੀਆਂ ਕਾਰ ਲੈ ਕੇ ਗਵਾਲੀਅਰ ਪਹੁੰਚੇ ਅਤੇ ਪੀੜਤ ਵਿਅਕਤੀ ਨੂੰ ਅਗਵਾ ਕਰ ਲਿਆ।
ਇਸ ਤੋਂ ਬਾਅਦ ਪੀੜਤ ਵਿਅਕਤੀ ਨੂੰ ਰਸਤੇ ਵਿੱਚ ਪਲਾਸਟਿਕ ਦੀ ਪਾਈਪ ਨਾਲ ਕੁੱਟਿਆ ਗਿਆ ਅਤੇ ਫਿਰ ਬੋਤਲ ਵਿੱਚ ਪਿਸ਼ਾਬ ਭਰ ਕੇ ਜਬਰੀ ਮੂੰਹ ਅੰਦਰ ਪਾਇਆ ਗਿਆ। ਇਸ ਤੋਂ ਇਲਾਵਾ ਪੀੜਤ ਉਤੇ ਅਕੂਤਪੁਰਾ ਪਿੰਡ ਵਿੱਚ ਲੋਹੇ ਦੀ ਚੇਨ ਨਾਲ ਬੰਨ੍ਹ ਦੇ ਤਸ਼ਦਦ ਕੀਤਾ ਗਿਆ।
ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ। ਉਕੇ ਪੀੜਤ ਨੂੰ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਮਾਮਲੇ ਨੂੰ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਪੁਲਿਸ ਨੇ ਹਸਪਤਾਲ ਦੇ ਵਾਰਡ ਨੂੰ ਛਾਉਣੀ ਵਿਚ ਬਦਲ ਦਿੱਤਾ ਅਤੇ ਕਈ ਥਾਣਿਆਂ ਦੀ ਪੁਲਿਸ ਤੈਨਾਤ ਕਰ ਦਿੱਤੀ।