- ਡਿਜੀਟਲ ਖੇਤਰ ਵਿੱਚ ਪੰਜਾਬ ਦੀ ਤਰੱਕੀ ਪੂਰੇ ਭਾਰਤ ਵਿੱਚ ਸ਼ਾਸਨ ਅਤੇ ਸੇਵਾ ਪ੍ਰਦਾਨ ਕਰਨ ਵਿੱਚ ਸਥਾਪਿਤ ਕਰ ਰਹੀ ਹੈ ਮੀਲ ਪੱਥਰ
ਚੰਡੀਗੜ੍ਹ, 23 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਡਿਜੀਟਲ ਕੰਮਕਾਜ ਅਤੇ ਪ੍ਰਸ਼ਾਸਕੀ ਉੱਤਮਤਾ ਨੂੰ ਮਜ਼ਬੂਤ ਕਰਨ ਲਈ ਅਹਿਮ ਕਦਮ ਪੁੱਟਦਿਆਂ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐਨ.ਆਈ.ਸੀ.), ਪੰਜਾਬ ਨੇ ਸਾਰੇ ਐਨ.ਆਈ.ਸੀ. ਅਧਿਕਾਰੀਆਂ ਲਈ ਤਿੰਨ ਰੋਜ਼ਾ ਸਿਖਲਾਈ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜੋ ਕਰਮਯੋਗੀ ਆਈ.ਜੀ.ਓ.ਟੀ. ਸੈਸ਼ਨ ਨਾਲ ਸਮਾਪਤ ਹੋਈ। ਇਹ ਪ੍ਰੋਗਰਾਮ, ਅਧਿਕਾਰੀਆਂ ਨੂੰ ਨਵੀਆਂ ਤਕਨਾਲੋਜੀਆਂ ਨਾਲ ਲੈਸ ਕਰਨ, ਨਵੀਨਤਾ-ਅਧਾਰਤ ਸ਼ਾਸਨ ਨੂੰ ਉਤਸ਼ਾਹਿਤ ਕਰਨ ਅਤੇ ਪੰਜਾਬ ਨੂੰ ਮੁਕੰਮਲ ਰੂਪ ਵਿੱਚ ਡਿਜੀਟਲ ਅਤੇ ਨਾਗਰਿਕ-ਕੇਂਦ੍ਰਿਤ ਰਾਜ ਬਣਾਉਣ ਲਈ ਇੱਕ ਮਜ਼ਬੂਤ ਪਲੇਟਫਾਰਮ ਵਜੋਂ ਮੁੱਹਈਆ ਕਰਦਾ ਹੈ।
ਇਸ ਮੌਕੇ ਸੰਬੋਧਨ ਕਰਦੇ ਹੋਏ, ਡਿਪਾਰਟਮੇਂਟ ਆਫ਼ ਗੁੱਡ ਗਵਰਨੈਸ ਐਂਡ ਇਨਫਰਮੈਸ਼ਨ ਟੈਕਨਾਲੋਜੀ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਡੀ.ਕੇ. ਤਿਵਾੜੀ ਨੇ ਕਿਹਾ ਕਿ ਡਿਜੀਟਲ ਤਬਦੀਲੀ ਦੇ ਖੇਤਰ ਵਿੱਚ ਪੰਜਾਬ ਦੀ ਪ੍ਰਗਤੀ ਪੂਰੇ ਭਾਰਤ ਵਿੱਚ ਸ਼ਾਸਨ ਅਤੇ ਸੇਵਾਵਾਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰ ਰਹੀ ਹੈ।
ਆਈ.ਐਚ.ਆਰ.ਐਮ.ਐਸ. ਅਤੇ ਈ-ਆਫਿਸ ਵਰਗੇ ਪ੍ਰਮੁੱਖ ਪ੍ਰੋਜੈਕਟਾਂ ਰਾਹੀਂ ਸੂਬੇ ਭਰ ਵਿੱਚ ਈ-ਗਵਰਨੈਂਸ ਨੂੰ ਨਵੀਂ ਦਿਸ਼ਾ ਦੇਣ ਵਿੱਚ ਐਨ.ਆਈ.ਸੀ. ਪੰਜਾਬ ਦੀ ਮਹੱਤਵਪੂਰਨ ਭੂਮਿਕਾ ਲਈ ਸ਼ਲਾਘਾ ਕਰਦੇ ਹੋਏ, ਉਨ੍ਹਾਂ ਕਿਹਾ ਕਿ ਐਨ.ਆਈ.ਸੀ. ਪੰਜਾਬ ਸਰਕਾਰ ਦੇ ਕਾਰਜਾਂ ਦੀ ਡਿਜੀਟਲ ਰੀੜ੍ਹ ਬਣ ਗਿਆ ਹੈ, ਜੋ ਸੂਬੇ ਨੂੰ ਕੁਸ਼ਲ, ਪਾਰਦਰਸ਼ੀ ਅਤੇ ਜਵਾਬਦੇਹ ਜਨਤਕ ਸੇਵਾਵਾਂ ਪ੍ਰਦਾਨ ਕਰਨ ਵਿਚ ਸਮਰੱਥ ਬਣਾਉਂਦਾ ਹੈ। ਡਿਜੀਟਲ ਤਕਨਾਲੋਜੀ ਨੂੰ ਅਪਣਾਉਣ ਦੀ ਮਹੱਤਤਾ `ਤੇ ਜ਼ੋਰ ਦਿੰਦੇ ਹੋਏ, ਉਨ੍ਹਾਂ ਨੇ ਅਧਿਕਾਰੀਆਂ ਨੂੰ ਪ੍ਰਸ਼ਾਸਨਿਕ ਕਾਰਜਸ਼ੀਲਤਾ ਨੂੰ ਮੁੜ ਪਰਿਭਾਸਿ਼ਤ ਕਰਨ ਅਤੇ ਨਾਗਰਿਕ ਪਹੁੰਚ ਨੂੰ ਵਧਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ, ਡੇਟਾ ਐਨਾਲਿਟਿਕਸ ਅਤੇ ਸਮਾਰਟ ਸਿਸਟਮ ਨੂੰ ਅਪਣਾਉਣ ਦੀ ਵੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਐਨ.ਆਈ.ਸੀ. ਪ੍ਰਸ਼ਾਸਨਿਕ ਕੁਸ਼ਲਤਾ ਅਤੇ ਡਿਜੀਟਲ ਪਹੁੰਚ ਨੂੰ ਬਿਹਤਰ ਬਣਾਉਣ ਵਿੱਚ ਲਗਾਤਾਰ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਐਨ.ਆਈ.ਸੀ. ਪੰਜਾਬ ਦੇ ਨਵੇਂ ਪ੍ਰੋਜੈਕਟਾਂ ਨੇ ਆਧੁਨਿਕ ਡਿਜੀਟਲ ਇੰਟਰਫੇਸਾਂ ਅਤੇ ਰੀਅਲ-ਟਾਈਮ ਸੇਵਾ ਪਲੇਟਫਾਰਮਾਂ ਰਾਹੀਂ ਨਾਗਰਿਕਾਂ ਅਤੇ ਸਰਕਾਰ ਵਿਚਕਾਰ ਤਾਲਮੇਲ ਹੋਰ ਬਿਹਤਰ ਬਣਾਇਆ ਹੈ।
ਇਸ ਵਰਕਸ਼ਾਪ ਦਾ ਉਦਘਾਟਨ ਸ੍ਰੀ ਵਿਵੇਕ ਵਰਮਾ, ਡੀਡੀਜੀ ਅਤੇ ਸਟੇਟ ਇਨਫੋਰਮੈਟਿਕਸ ਅਫਸਰ (ਐਸ.ਆਈ.ਓ.), ਪੰਜਾਬ ਵੱਲੋਂ ਕੀਤਾ ਗਿਆ ਜਿਸ ਵਿੱਚ 23 ਜਿ਼ਲ੍ਹਿਆਂ ਅਤੇ ਸਟੇਟ ਸੈਂਟਰ ਦੇ ਅਧਿਕਾਰੀਆਂ ਨੇ ਸਿ਼ਰਕਤ ਕੀਤੀ। ਆਪਣੇ ਸਵਾਗਤੀ ਭਾਸ਼ਣ ਵਿੱਚ, ਉਨ੍ਹਾਂ ਨੇ ਭਵਿੱਖ ਲਈ ਅਨੁਕੂਲ ਸ਼ਾਸਨ ਪ੍ਰਣਾਲੀਆਂ ਦੇ ਨਿਰਮਾਣ ਲਈ ਹੁਨਰ ਵਿੱਚ ਵਾਧਾ ਕਰਨ ਅਤੇ ਗਿਆਨ ਸਾਂਝਾ ਕਰਨ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਸ਼੍ਰੀ ਵਿਕਰਮ ਜੀਤ ਗਰੋਵਰ, ਏ.ਐਸ.ਆਈ.ਓ. (ਰਾਜ) ਨੇ ਸਿ਼ਰਕਤ ਕਰਨ ਵਾਲਿਆਂ ਨੂੰ ਵਰਕਸ਼ਾਪ ਦੇ ਉਦੇਸ਼ਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਹ ਟੀਮ ਵਰਕ ਅਤੇ ਸਿੱਖਣ-ਭਾਵਨਾ ਨੂੰ ਮਜ਼ਬੂਤ ਕਰਨ ਲਈ ਨਵੀਨਤਾਕਾਰੀ ਵਿਚਾਰ ਸਾਂਝੇ ਕਰਨ ਲਈ ਪ੍ਰੇਰਿਆ।
ਸੈਸ਼ਨਾਂ ਵਿੱਚ ਇੰਟੈਲ ਦੁਆਰਾ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਾਹਰ ਪੇਸ਼ਕਾਰੀਆਂ ਪੇਸ਼ ਕੀਤੀਆਂ ਗਈਆਂ ਅਤੇ ਨਾਲ ਹੀ ਪੰਜਾਬ ਦੇ ਡਿਵੀਜ਼ਨਲ ਮੁਖੀਆਂ ਸ਼੍ਰੀ ਧਰਮੇਸ਼ ਕੁਮਾਰ, ਸ਼੍ਰੀ ਅਨੂਪ ਕੇ. ਜਲਾਲੀ, ਸ਼੍ਰੀ ਅਨਿਲ ਪਲਟਾ ਅਤੇ ਸ਼੍ਰੀਮਤੀ ਊਸ਼ਾ ਰਾਏ ਦੀ ਅਗਵਾਈ ਵਿੱਚ ਵਿਸਤ੍ਰਿਤ ਤਕਨੀਕੀ ਵਿਚਾਰ-ਵਟਾਂਦਰੇ ਵੀ ਕਰਵਾਏ ਗਏ, ਇਸ ਦੌਰਾਨ ਡਿਜੀਟਲ ਸ਼ਾਸਨ ਵਿੱਚ ਨਵੀਨਤਮ ਕਾਢਾਂ ਦਾ ਪ੍ਰਦਰਸ਼ਨ ਕੀਤਾ। ਆਈ.ਆਈ.ਟੀ. ਰੋਪੜ ਤੋਂ ਪ੍ਰੋਫੈਸਰ ਜੇ.ਐਸ. ਸੈਂਹਬੀ ਅਤੇ ਵਿਗਿਆਨੀ-ਐਫ ਦਿਨੇਸ਼ ਸ਼ਰਮਾ ਦੀ ਗਿਆਨ-ਵਰਧਕ ਗੱਲਬਾਤ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਸੂਚਨਾ ਅਧਿਕਾਰ ਐਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਦੌਰਾਨ ਪ੍ਰਸ਼ਾਸਕੀ ਆਚਰਣ, ਹਾਰਡਵੇਅਰ ਪ੍ਰਬੰਧਨ ਅਤੇ ਤੰਦਰੁਸਤੀ
ਤੇ ਵੀ ਸੈਸ਼ਨ ਕਰਵਾਏ ਗਏ।
ਸਮਾਪਤੀ ਸੈਸ਼ਨ ਵਿੱਚ ਸ਼੍ਰੀ ਵਿਕਰਮ ਜੀਤ ਗਰੋਵਰ ਨੇ ਸਾਰੇ ਭਾਗੀਦਾਰਾਂ ਅਤੇ ਪ੍ਰਬੰਧਕਾਂ ਦੀ ਸਰਗਰਮ ਸ਼ਮੂਲੀਅਤ ਅਤੇ ਸਮਰਪਣ ਭਾਵਨਾ ਲਈ ਸ਼ਲਾਘਾ ਕੀਤੀ ।