ਚੰਡੀਗੜ੍ਹ 23 ਅਕਤੂਬਰ : ਦੇਸ਼ ਕਲਿੱਕ ਬਿਊਰੋ :
ਉਦਯੋਗ ਅਤੇ ਵਣਜ, ਨਿਵੇਸ਼ ਪ੍ਰੋਤਸਾਹਨ, ਬਿਜਲੀ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਪੰਜਾਬ ਸੰਜੀਵ ਅਰੋੜਾ ਅਤੇ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨਾਲ ਮੁਲਾਕਾਤ ਕਰਕੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੀ ਯਾਦ ਵਿੱਚ ਹੋਣ ਵਾਲੇ ਆਗਾਮੀ ਸਮਾਗਮਾਂ ਲਈ ਰਸਮੀ ਸੱਦਾ ਦਿੱਤਾ।
ਇਸ ਮੀਟਿੰਗ ਦੌਰਾਨ ਕੈਬਨਿਟ ਮੰਤਰੀਆਂ ਨੇ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਿਨ੍ਹਾਂ ਨੂੰ ਧਰਮ ਦੀ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਨ੍ਹਾਂ ਦੇ ਨਿਰਸਵਾਰਥ ਕੁਰਬਾਨੀ ਲਈ ‘ਹਿੰਦ ਦੀ ਚਾਦਰ’ ਵਜੋਂ ਜਾਣਿਆ ਜਾਂਦਾ ਹੈ, ਵੱਲੋਂ ਦਿੱਤੀਆਂ ਗਈਆਂ ਕੁਰਬਾਨੀਆਂ ਪ੍ਰਤੀ ਡੂੰਘਾ ਸਤਿਕਾਰ ਪ੍ਰਗਟ ਕੀਤਾ ਗਿਆ।
ਕੈਬਨਿਟ ਮੰਤਰੀਆਂ ਸੰਜੀਵ ਅਰੋੜਾ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਗੋਆ ਦੇ ਮੁੱਖ ਮੰਤਰੀ ਨੂੰ ਨਿੱਜੀ ਤੌਰ ‘ਤੇ ਸੱਦਾ ਪੱਤਰ ਸੌਂਪਿਆ, ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਆਪਕ ਯਾਦਗਾਰੀ ਸਮਾਗਮਾਂ ਦੀ ਲੜੀ ਦਾ ਜ਼ਿਕਰ ਕੀਤਾ ਹੋਇਆ ਹੈ। ਇਹ ਸਮਾਗਮ ਵੱਖ-ਵੱਖ ਇਤਿਹਾਸਕ ਅਸਥਾਨਾਂ, ਜਿਹੜੇ ਗੁਰੂ ਜੀ ਦੇ ਜੀਵਨ, ਸਿੱਖਿਆਵਾਂ ਅਤੇ ਬੇਮਿਸਾਲ ਕੁਰਬਾਨੀ ਨਾਲ ਸਬੰਧਤ ਹਨ, ‘ਤੇ ਕਰਵਾਏ ਜਾਣੇ ਹਨ।
ਕੈਬਨਿਟ ਮੰਤਰੀਆਂ ਨੇ ਕਿਹਾ ਕਿ ਇਹ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਨੁੱਖੀ ਅਤੇ ਧਰਮ ਨਿਰਪੱਖ ਕਦਰਾਂ-ਕੀਮਤਾਂ ਦੀ ਆਜ਼ਾਦੀ ਦੀ ਰਾਖੀ ਲਈ ਦਿੱਤੇ ਗਏ ਸਰਵਉੱਚ ਬਲੀਦਾਨ ਨੂੰ ਯਾਦ ਕਰਨ ਲਈ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਿਰਫ਼ ਸਿੱਖ ਇਤਿਹਾਸ ਦਾ ਹਿੱਸਾ ਨਹੀਂ ਹੈ, ਇਹ ਸਾਰੀ ਮਨੁੱਖਤਾ ਲਈ ਆਜ਼ਾਦੀ, ਸਹਿਣਸ਼ੀਲਤਾ ਅਤੇ ਨਿਆਂ ਦਾ ਸੰਦੇਸ਼ ਹੈ।