ਚੰਡੀਗੜ੍ਹ, 23 ਅਕਤੂਬਰ : ਦੇਸ਼ ਕਲਿੱਕ ਬਿਊਰੋ :
ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਸੰਜੀਵ ਅਰੋੜਾ ਨੇ ਪਠਾਨਕੋਟ ਦੇ ਇੱਕ ਦੁਖੀ ਪਰਿਵਾਰ ਨੂੰ ਉਨ੍ਹਾਂ ਦੇ 32 ਸਾਲਾ ਰਿਸ਼ਤੇਦਾਰ ਕੁਲਦੀਪ ਕੁਮਾਰ, ਜਿਸ ਦਾ ਇਸ ਮਹੀਨੇ ਦੇ ਸ਼ੁਰੂ ਵਿੱਚ ਟਿਮਿਸੋਆਰਾ, ਰੋਮਾਨੀਆ ਵਿਖੇ ਦੇਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਵਾਪਸ ਲਿਆਉਣ ਵਿੱਚ ਮਹੱਤਵਪੂਰਨ ਸਹਾਇਤਾ ਕੀਤੀ ਹੈ।
ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ ਦਾ ਰਹਿਣ ਵਾਲਾ ਕੁਲਦੀਪ ਕੁਮਾਰ, ਟਿਮਿਸੋਆਰਾ ਵਿੱਚ ਐਸ.ਸੀ. ਸਟਾਰੇਟੋ ਐਸ.ਆਰ.ਐਲ. ਵਿੱਚ ਨੌਕਰੀ ਕਰਦਾ ਸੀ। ਉਸਦੇ ਪਰਿਵਾਰ ਨੂੰ 3 ਅਕਤੂਬਰ ਨੂੰ ਉਸਦੇ ਇੱਕ ਸਾਥੀ ਸ਼ਮਸ਼ੇਰ ਸਿੰਘ, ਜੋ ਕਿ ਰੋਮਾਨੀਆ ਵਿੱਚ ਵੀ ਕੰਮ ਕਰਦਾ ਸੀ, ਦੁਆਰਾ ਉਸਦੀ ਮੌਤ ਦੀ ਸੂਚਨਾ ਦਿੱਤੀ ਗਈ ਸੀ। ਅਧਿਕਾਰੀਆਂ ਨੂੰ ਲਿਖੇ ਇੱਕ ਪੱਤਰ ਵਿੱਚ ਕੁਲਦੀਪ ਦੇ ਭਰਾ ਹੀਰਾ ਸਿੰਘ ਨੇ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਲਈ ਸਰਕਾਰੀ ਮਦਦ ਦੀ ਮੰਗ ਕੀਤੀ ਸੀ।
ਪਰਿਵਾਰ ਦੀ ਬੇਨਤੀ ਤੋਂ ਬਾਅਦ, ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਇਹ ਬੇਨਤੀ ਮੰਤਰੀ ਸੰਜੀਵ ਅਰੋੜਾ ਨੂੰ ਭੇਜੀ, ਜਿਨ੍ਹਾਂ ਨੇ ਤੁਰੰਤ ਵਿਦੇਸ਼ ਮੰਤਰਾਲੇ ਅਤੇ ਬੁਖਾਰੈਸਟ ਵਿਖੇ ਭਾਰਤੀ ਦੂਤਾਵਾਸ ਨੂੰ ਪੱਤਰ ਲਿਖ ਕੇ ਮ੍ਰਿਤਕ ਦੇਹ ਦੀ ਵਾਪਸੀ ਦੀ ਸਹੂਲਤ ਲਈ ਸਹਾਇਤਾ ਦੀ ਅਪੀਲ ਕੀਤੀ।
ਆਪਣੇ ਸੁਨੇਹੇ ਵਿੱਚ ਮੰਤਰੀ ਅਰੋੜਾ ਨੇ ਕਿਹਾ ਕਿ ਪਰਿਵਾਰ ਡੂੰਘੇ ਦੁੱਖ ਵਿੱਚ ਹੈ ਅਤੇ ਅੰਤਿਮ ਸੰਸਕਾਰ ਕਰਨ ਲਈ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਭੇਜਣ ਦੀ ਤੁਰੰਤ ਮੰਗ ਕੀਤੀ।
ਮੰਤਰੀ ਨੇ ਭਾਰਤੀ ਮਿਸ਼ਨ ਨੂੰ ਅੱਗੇ ਬੇਨਤੀ ਕੀਤੀ ਕਿ ਉਹ ਇਸ ਸੰਵੇਦਨਸ਼ੀਲ ਸਮੇਂ ਦੁਖੀ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਵਿਦੇਸ਼ ਮੰਤਰਾਲੇ, ਭਾਰਤ ਸਰਕਾਰ ਅਤੇ ਨਵੀਂ ਦਿੱਲੀ ਵਿੱਚ ਰੋਮਾਨੀਆ ਦੇ ਹਾਈ ਕਮਿਸ਼ਨ ਨਾਲ ਤਾਲਮੇਲ ਕੀਤਾ ਜਾਵੇ।
ਉਨ੍ਹਾਂ ਦੀ ਅਪੀਲ ਤੋਂ ਬਾਅਦ ਬੁਖਾਰੇਸਟ ਵਿੱਚ ਭਾਰਤ ਦੇ ਦੂਤਾਵਾਸ ਨੇ ਪੁਸ਼ਟੀ ਕੀਤੀ ਕਿ ਉਹ ਪਰਿਵਾਰ ਦੇ ਮੈਂਬਰਾਂ ਅਤੇ ਰੋਮਾਨੀਆ ਦੇ ਅਧਿਕਾਰੀਆਂ ਨਾਲ ਨਿਰੰਤਰ ਸੰਪਰਕ ਵਿੱਚ ਹੈ ਅਤੇ ਮ੍ਰਿਤਕ ਦੇਹ ਦੀ ਵਾਪਸੀ ਲਈ ਜ਼ਰੂਰੀ ਕਦਮ ਚੁੱਕ ਰਿਹਾ ਹੈ। ਦੂਤਾਵਾਸ ਦੇ ਦੂਜੇ ਸਕੱਤਰ (ਕੌਂਸਲਰ) ਸਿਤੇਸ਼ ਕੁਮਾਰ ਨੇ ਭਰੋਸਾ ਦਿੱਤਾ ਕਿ ਰਸਮੀ ਕਾਰਵਾਈਆਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
22 ਅਕਤੂਬਰ ਨੂੰ ਵਿਦੇਸ਼ ਮੰਤਰੀ ਦਫ਼ਤਰ ਵਿੱਚ ਅਧੀਨ ਸਕੱਤਰ ਬਿਭੂਤੀ ਪਾਂਡੇ ਨੇ ਮੰਤਰੀ ਅਰੋੜਾ ਨੂੰ ਸੂਚਿਤ ਕੀਤਾ ਕਿ ਭਾਰਤੀ ਦੂਤਾਵਾਸ ਨੇ ਮ੍ਰਿਤਕ ਦੇਹ ਦੀ ਵਾਪਸੀ ਦੇ ਪ੍ਰਬੰਧਨ ਲਈ ਇੱਕ ਅੰਤਿਮ ਸੰਸਕਾਰ ਏਜੰਸੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਥੋੜ੍ਹੀ ਦੇਰ ਬਾਅਦ ਏਜੰਸੀ ਨੇ ਇੱਕ ਈਮੇਲ ਜ਼ਰੀਏ ਪੁਸ਼ਟੀ ਕੀਤੀ ਕਿ ਉਸਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਟਿਮਿਸੋਆਰਾ ਤੋਂ ਜ਼ਰੂਰੀ ਦਸਤਾਵੇਜ਼ ਪ੍ਰਾਪਤ ਕਰ ਲਏ ਹਨ।
ਪੰਜਾਬ ਦੇ ਐਨਆਰਆਈ ਮਾਮਲਿਆਂ ਦੇ ਵਿਭਾਗ, ਵਿਦੇਸ਼ ਮੰਤਰਾਲੇ ਅਤੇ ਰੋਮਾਨੀਆ ਵਿੱਚ ਭਾਰਤੀ ਦੂਤਾਵਾਸ ਵਿਚਕਾਰ ਤਾਲਮੇਲ ਵਾਲੇ ਯਤਨਾਂ ਨੇ ਸੋਗ ਵਿੱਚ ਡੁੱਬੇ ਪਰਿਵਾਰ ਨੂੰ ਰਾਹਤ ਦਿੱਤੀ, ਜੋ ਕੁਲਦੀਪ ਦਾ ਅੰਤਿਮ ਸੰਸਕਾਰ ਕਰਨ ਲਈ ਉਸਦੇ ਮ੍ਰਿਤਕ ਦੇਹ ਦੀ ਵਾਪਸੀ ਦੀ ਉਡੀਕ ਕਰ ਰਹੇ ਸਨ।
ਇਹ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੇ ਸਰਗਰਮ ਯਤਨਾਂ ਨੂੰ ਉਜਾਗਰ ਕਰਦਾ ਹੈ, ਜੋ ਕਿ ਮੁਸੀਬਤ ਦੇ ਸਮੇਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੇ ਪਰਿਵਾਰਾਂ ਨੂੰ ਸਮੇਂ ਸਿਰ ਸਹਾਇਤਾ ਦੇਣਾ ਯਕੀਨੀ ਬਣਾਉਂਦੇ ਹਨ।