ਮਾਨਸਾ, 24 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਹਲਕੇ ਦੇ ਇੱਕ ਪਿੰਡ ‘ਚ ਰਹਿਣ ਵਾਲੇ ਜੋੜੇ ਦੀ ਇੱਕ ਬਹੁਤ ਹੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਅਸਲ ‘ਚ ਪਤੀ-ਪਤਨੀ ਨੇ ਆਪਣੇ ਨਸ਼ੇ ਦੀ ਲਤ ਨੂੰ ਪੂਰਾ ਕਰਨ ਲਈ ਆਪਣੇ ਹੀ ਬੱਚੇ ਨੂੰ ਵੇਚ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਪਤੀ-ਪਤਨੀ ਚਿੱਟੇ ਦੇ ਆਦੀ ਹਨ। ਪਰ ਹੁਣ ਰਿਸ਼ਤੇਦਾਰ ਅਤੇ ਪਤੀ-ਪਤਨੀ ਵੱਲੋਂ ਆਪਣੇ ਬੱਚੇ ਨੂੰ ਵਾਪਸ ਲੈਣ ਦੀ ਗੁਹਾਰ ਲਗਾਈ ਜਾ ਰਹੀ ਹੈ।
ਹੁਣ ਇਸ ਪੂਰੇ ਮਾਮਲੇ ਦੀ ਪੁਲਿਸ ਜਾਂਚ ਕਰ ਰਹੀ ਹੈ ਅਤੇ ਬਰੇਟਾ ਪੁਲਿਸ ਦਾ ਕਹਿਣਾ ਹੈ ਕਿ ਬੁਢਲਾਡਾ ਦੇ ਇੱਕ ਪਰਿਵਾਰ ਵੱਲੋਂ ਇਸ ਮਾਮਲੇ ‘ਚ ਬੱਚੇ ਨੂੰ ਗੋਦ ਲਏ ਜਾਣ ਦੀ ਗੱਲ ਵੀ ਕਹੀ ਜਾ ਰਹੀ ਹੈ। ਉੱਥੇ ਹੀ ਬੱਚੇ ਦੇ ਮਾਂ-ਪਿਓ ਵੱਲੋਂ ਬੱਚੇ ਨੂੰ 1 ਲੱਖ 80 ਹਜ਼ਾਰ ਰੁਪਏ ’ਚ ਵੇਚੇ ਜਾਣ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਾਂਚ-ਪੜਤਾਲ ਦੇ ਬਾਅਦ ਹੀ ਸੱਚਾਈ ਦਾ ਪਤਾ ਲੱਗ ਸਕੇਗਾ। ਪੁਲਿਸ ਅਨੁਸਾਰ ਉਹ ਬੱਚੇ ਨੂੰ ਵੇਚਣ ਜਾਂ ਗੋਦ ਦਿੱਤੇ ਜਾਣ ਦੋਵਾਂ ਗੱਲਾਂ ਦੀ ਪੜਤਾਲ ਕਰ ਰਹੇ ਹਨ।




