ਫਰੀਦਕੋਟ, 26 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਫਰੀਦਕੋਟ ਸਿਟੀ ਪੁਲਿਸ ਨੇ ਸੰਗਰੂਰ ਦੇ ਪਿੰਡ ਫੱਗੂਵਾਲਾ ਦੇ ਰਹਿਣ ਵਾਲੇ ਜਗਮਨਦੀਪ ਸਿੰਘ ਉਰਫ਼ ਜਗਮਨ ਸਮਰਾ ਵਿਰੁੱਧ ਫ਼ਰੀਦਕੋਟ ਅਦਾਲਤ ਤੋਂ ਗ੍ਰਿਫ਼ਤਾਰੀ ਵਾਰੰਟ ਪ੍ਰਾਪਤ ਕੀਤਾ ਹੈ। ਇੱਥੇ ਇਹ ਦੱਸ ਦਈਏ ਕਿ ਇਹ ਓਹੀ ਜਗਮਨ ਸਮਰਾ ਹੈ ਜੋ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਜਾਅਲੀ ਵੀਡੀਓਜ਼ ਵਾਇਰਲ ਕਰਨ ਤੋਂ ਬਾਅਦ ਸੁਰਖੀਆਂ ‘ਚ ਹੈ।
ਇਹ ਗ੍ਰਿਫ਼ਤਾਰੀ ਵਾਰੰਟ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਜਾਅਲੀ ਵੀਡੀਓਜ਼ ਵਾਇਰਲ ਕਰਨ ਦੇ ਮਾਮਲੇ ‘ਚ ਨਹੀਂ ਸਗੋਂ 28 ਨਵੰਬਰ, 2020 ਨੂੰ ਦਰਜ ਹੋਏ ਇੱਕ ਧੋਖਾਧੜੀ ਦੇ ਮਾਮਲੇ ‘ਚ ਜਾਰੀ ਕੀਤਾ ਗਿਆ ਹੈ। ਫਿਰੋਜ਼ਪੁਰ ਪੁਲਿਸ ਨੇ ਇਸ ਧੋਖਾਧੜੀ ਦੇ ਮਾਮਲੇ ਵਿੱਚ ਉਸ ਨੂੰ ਗ੍ਰਿਫ਼ਤਾਰ ਵੀ ਕੀਤਾ ਸੀ ਅਤੇ ਉਹ ਫਰੀਦਕੋਟ ਜੇਲ੍ਹ ਵਿੱਚ ਨਿਆਂਇਕ ਹਿਰਾਸਤ ਵਿੱਚ ਬੰਦ ਸੀ। ਪਰ 1 ਫਰਵਰੀ, 2022 ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ‘ਚ ਉਸ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ। ਜਿੱਥੋਂ ਉਹ ਜੇਲ੍ਹ ਸਟਾਫ ਤੋਂ ਬਚ ਕੇ ਭੱਜ ਗਿਆ ਸੀ ਅਤੇ ਬਾਅਦ ਵਿੱਚ ਕੈਨੇਡਾ ਚਲਾ ਗਿਆ ਸੀ।
ਉਸ ਦੇ ਭੱਜਣ ਤੋਂ ਬਾਅਦ, ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ‘ਤੇ, ਜਗਮਨ ਸਮਰਾ ਅਤੇ ਉਸਦੀ ਸੁਰੱਖਿਆ ਲਈ ਤਾਇਨਾਤ ਜੇਲ੍ਹ ਸਟਾਫ ਵਿਰੁੱਧ ਸਿਟੀ ਫਰੀਦਕੋਟ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਹੁਣ 22 ਅਕਤੂਬਰ, 2025 ਨੂੰ ਅਦਾਲਤ ਤੋਂ ਜਗਮਨ ਸਮਰਾ ਲਈ ਗ੍ਰਿਫ਼ਤਾਰੀ ਵਾਰੰਟ ਪ੍ਰਾਪਤ ਕਰ ਲਿਆ ਹੈ। ਇਹ ਦੱਸਣਯੋਗ ਹੈ ਕਿ ਜਗਮਨ ਸਮਰਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਮੁੱਖ ਮੰਤਰੀ ਮਾਨ ਦੀ ਇੱਕ ਜਾਅਲੀ ਵੀਡੀਓ ਵਾਇਰਲ ਕੀਤੀ ਸੀ, ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਉਸ ਵਿਰੁੱਧ ਮੋਹਾਲੀ ਵਿੱਚ ਕੇਸ ਦਰਜ ਕੀਤਾ ਹੈ।




