- ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਨੌਕਰੀ ਦੀ ਥਾਂ ਬਾਗ਼ਬਾਨੀ ਨੂੰ ਆਪਣਾ ਮੁੱਖ ਕਿੱਤਾ ਚੁਣਿਆ
- ਪੰਜਾਬ ਸਰਕਾਰ ਬਾਗ਼ਬਾਨੀ ਨੂੰ ਪ੍ਰਫੁੱਲਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕਰ ਰਹੀ ਕੰਮ
ਚੰਡੀਗੜ੍ਹ, ਅਕਤੂਬਰ 26: ਦੇਸ਼ ਕਲਿੱਕ ਬਿਊਰੋ :
ਪੰਜਾਬ ਦੇ ਬਾਗ਼ਬਾਨੀ ਮੰਤਰੀ ਮੋਹਿੰਦਰ ਭਗਤ ਦੇ ਨਿਰਦੇਸ਼ਾਂ ਹੇਠ ਬਾਗ਼ਬਾਨੀ ਵਿਭਾਗ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਲਈ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਸੂਬਾ ਸਰਕਾਰ ਦੀਆਂ ਕਿਸਾਨ ਪੱਖੀ ਸਕੀਮਾਂ ਉਨ੍ਹਾਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾ ਰਹੀ ਹੈ।
ਬਾਗਬਾਨੀ ਡਾਇਰੈਕਟਰ ਸ਼ੈਲਿੰਦਰ ਕੌਰ ਨੇ ਦੱਸਿਆ ਕਿ ਸਰਕਾਰੀ ਸਕੀਮਾਂ ਦਾ ਲਾਭ ਲੈਂਦਿਆਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਰਾਭਾ ਦਾ ਕਿਸਾਨ ਹਰਬੀਰ ਸਿੰਘ ਅੱਜ ਪੌਲੀਹਾਊਸ ਖੇਤੀ ਤੋਂ ਵਧੀਆ ਮੁਨਾਫਾ ਕਮਾ ਰਿਹਾ ਹੈ ਅਤੇ ਹੋਰਨਾ ਕਿਸਾਨਾਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕਾ ਹੈ। ਉਨ੍ਹਾ ਦੱਸਿਆ ਕਿ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕਰਨ ਤੋਂ ਬਾਅਦ ਹਰਬੀਰ ਨੇ ਨੌਕਰੀ ਦੀ ਥਾਂ ਖੇਤੀ ਨੂੰ ਆਪਣਾ ਮੁੱਖ ਕਿੱਤਾ ਚੁੱਣਿਆ ਅਤੇ ਰਵਾਇਤੀ ਖੇਤੀ ਨੂੰ ਆਧੁਨਿਕ ਤਰੀਕਿਆਂ ਨਾਲ ਜੋੜ ਕੇ ਨਵੇਂ ਮਾਪਦੰਡ ਸਥਾਪਤ ਕੀਤੇ।
ਕਿਸਾਨ ਹਰਬੀਰ ਸਿੰਘ ਦਾ ਕਹਿਣਾ ਹੈ ਕਿ ਬਾਗ਼ਬਾਨੀ ਵਿਭਾਗ ਵੱਲੋਂ ਉਸ ਨੂੰ ਪੌਲੀਹਾਉਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ । ਕਿਸਾਨ ਨੇ ਦੱਸਿਆ ਕਿ ਅੱਜ ਉਹ ਪੋਲੀਹਾਊਸ ਅਧੀਨ ਬੀਜ ਰਹਿਤ ਖੀਰਾ, ਰੰਗਦਾਰ ਸ਼ਿਮਲਾ ਮਿਰਚ, ਖਰਬੂਜੇ, ਆਲੂ ਅਤੇ ਮੈਂਥਾ ਦੀ ਕਾਸ਼ਤ ਕਰਕੇ ਔਸਤਨ 12 ਲੱਖ ਤੋਂ 14 ਲੱਖ ਤੱਕ ਦਾ ਸਾਲਾਨਾ ਮੁਨਾਫਾ ਕਮਾ ਰਿਹਾ ਹੈ।
ਕਿਸਾਨ ਹਰਬੀਰ ਸਿੰਘ ਦੱਸਿਆ ਕਿ ਸੰਨ 2014 ਵਿੱਚ ਰਵਾਇਤੀ ਢੰਗ ਨਾਲ ਸਬਜੀਆਂ ਦੀ ਕਾਸ਼ਤ ਦੇ ਵਿੱਚ ਬਦਲਾਅ ਕਰਦਿਆਂ ਉਸ ਨੇ ਸੈਂਟਰ ਆਫ ਐਕਸੀਲੈਂਸ (ਸਬਜੀਆਂ) ਕਰਤਾਰਪੁਰ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ। ਉਸਨੇ ਦੱਸਿਆ ਕਿ ਬਾਗਬਾਨੀ ਵਿਭਾਗ ਅਧੀਨ ਚੱਲ ਰਹੀ ਸਕੀਮ ਕੌਮੀ ਬਾਗਬਾਨੀ ਮਿਸ਼ਨ ਅਧੀਨ ਸਬਸਿਡੀ ਲੈ ਕੇ ਪੌਲੀਹਾਊਸ ਲਗਾਇਆ। ਇਸ ਪੌਲੀਹਾਊਸ ਅਧੀਨ ਰੰਗਦਾਰ ਸ਼ਿਮਲਾ ਮਿਰਚ ਅਤੇ ਬੀਜ ਰਹਿਤ ਖੀਰੇ ਦੀ ਕਾਸ਼ਤ ਕਰਨੀ ਸ਼ੁਰੂ ਕੀਤੀ । ਇਸ ਖੇਤੀ ਅਧੀਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਉਸ ਨੇ ਸਮੇਂ – ਸਮੇਂ ‘ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ । ਕਿਸਾਨ ਨੇ ਦੱਸਿਆ ਕਿ ਖੇਤੀ ਦੇ ਕੰਮ ਵਿੱਚ ਪੂਰੀ ਮਿਹਨਤ , ਕੰਮ ਪ੍ਰਤੀ ਸਮਰਪਣ, ਸਮੱਸਿਆ ਨੂੰ ਬਰੀਕੀ ਨਾਲ ਸਮਝਣਾ ਅਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਉਸਨੂੰ ਮਿਲੀ ਮਦਦ ਉਸਦੀ ਸਫਲਤਾ ਦੀ ਕੁੰਜੀ ਹੈ ।




