ਵੱਡੀ ਲਾਪਰਵਾਹੀ: ਪੰਜ ਬੱਚਿਆਂ ਨੂੰ HIV ਪਾਜ਼ੀਟਿਵ ਖੂਨ ਚੜ੍ਹਾਇਆ, ਸਿਵਲ ਸਰਜਨ ਸਮੇਤ ਕਈ ਅਧਿਕਾਰੀ ਸਸਪੈਂਡ

ਰਾਸ਼ਟਰੀ

ਝਾਰਖੰਡ, 26 ਅਕਤੂਬਰ: ਦੇਸ਼ ਕਲਿੱਕ ਬਿਊਰੋ :

ਝਾਰਖੰਡ ਦੇ ਚਾਈਬਾਸਾ ਦੇ ਸਦਰ ਹਸਪਤਾਲ ਵਿੱਚ ਸਿਹਤ ਵਿਭਾਗ ਅੰਦਰ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਥੈਲੇਸੀਮੀਆ ਤੋਂ ਪੀੜਤ ਪੰਜ ਬੱਚਿਆਂ ਦੀ HIV ਰਿਪੋਰਟ ਪਾਜ਼ੀਟਿਵ ਆਈ ਹੈ, ਕਾਰਨ ਹੈ ਕਿ ਉਨ੍ਹਾਂ ਨੂੰ ਗਲਤੀ ਨਾਲ HIV ਪਾਜ਼ੀਟਿਵ ਖੂਨ ਚੜ੍ਹਾ ਦਿੱਤਾ ਗਿਆ ਸੀ।

ਇਸ ਮਾਮਲੇ ‘ਚ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਮੰਤਰੀ ਹੇਮੰਤ ਸੋਰੇਨ ਨੇ ਸਿਵਲ ਸਰਜਨ ਅਤੇ ਸਬੰਧਤ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਭਾਵਿਤ ਬੱਚਿਆਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਿਨਾ ਰਾਜ ਸਰਕਾਰ ਸੰਕਰਮਿਤ ਬੱਚਿਆਂ ਦਾ ਪੂਰਾ ਇਲਾਜ ਵੀ ਕਰਵਾਏਗੀ। ਮੁੱਖ ਮੰਤਰੀ ਨੇ ਕਿਹਾ, “ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ; ਦੋਸ਼ੀ ਪਾਏ ਜਾਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।”

ਉੱਥੇ ਹੀ ਝਾਰਖੰਡ ਹਾਈ ਕੋਰਟ ਨੇ ਵੀ ਇਸ ਮਾਮਲੇ ਵਿੱਚ ਰਾਜ ਦੇ ਸਿਹਤ ਸਕੱਤਰ ਅਤੇ ਜ਼ਿਲ੍ਹਾ ਸਿਵਲ ਸਰਜਨ ਤੋਂ ਵੀ ਰਿਪੋਰਟ ਮੰਗੀ ਹੈ। ਦਰਅਸਲ, 3 ਸਤੰਬਰ ਨੂੰ, ਥੈਲੇਸੀਮੀਆ ਤੋਂ ਪੀੜਤ 7 ਸਾਲ ਦੇ ਬੱਚੇ ਨੂੰ HIV ਪਾਜ਼ੀਟਿਵ ਖੂਨ ਚੜ੍ਹਾ ਦਿੱਤਾ ਗਿਆ ਸੀ। 18 ਅਕਤੂਬਰ ਨੂੰ ਟੈਸਟ ਕਰਨ ‘ਤੇ, ਉਹ HIV ਪਾਜ਼ੀਟਿਵ ਪਾਇਆ ਗਿਆ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਹਾਈ ਕੋਰਟ ਨੇ ਜਾਂਚ ਦਾ ਹੁਕਮ ਦਿੱਤਾ। ਫਿਰ, ਸ਼ਨੀਵਾਰ ਨੂੰ, ਰਾਂਚੀ ਤੋਂ ਝਾਰਖੰਡ ਸਰਕਾਰ ਦੀ ਪੰਜ ਮੈਂਬਰੀ ਟੀਮ ਚਾਈਬਾਸਾ ਸਦਰ ਹਸਪਤਾਲ ਪਹੁੰਚੀ ਅਤੇ ਜਾਂਚ ਕੀਤੀ।

ਇਸ ਵਿੱਚ ਖੁਲਾਸਾ ਹੋਇਆ ਕਿ ਚਾਰ ਹੋਰ ਬੱਚਿਆਂ ਨੂੰ HIV ਪਾਜ਼ੀਟਿਵ ਖੂਨ ਚੜ੍ਹਾਇਆ ਗਿਆ ਸੀ ਅਤੇ ਉਨ੍ਹਾਂ ਦਾ ਐੱਚਆਈਵੀ ਟੈਸਟ ਵੀ ਪਾਜ਼ੀਟਿਵ ਆਇਆ ਸੀ। ਇਨ੍ਹਾਂ ਵਿੱਚੋਂ ਦੋ ਬੱਚੇ ਅਜੇ ਵੀ ਸਦਰ ਹਸਪਤਾਲ ਦੇ ਪੀਆਈਸੀਯੂ ਵਾਰਡ ਵਿੱਚ ਦਾਖਲ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।