- ਮਾਰਕੀਟ ਕਮੇਟੀ ਫੀਸ ਤੇ ਆਰਡੀਐਫ ਅਦਾ ਨਾ ਕਰਨ ਤੇ ਕੀਤਾ ਸਵਾ ਲੱਖ ਤੋਂ ਵੱਧ ਦਾ ਕੀਤਾ ਜੁਰਮਾਨਾ
- ਪੋਲਟਰੀ ਫਾਰਮ ਮਾਲਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮੰਗਵਾ ਰਹੇ ਨੇ ਦੂਜੇ ਸੂਬਿਆਂ ਤੋਂ ਮੱਕੀ, ਜੌਂ ਤੇ ਬਾਜਰਾ
- ਮਾਰਕੀਟ ਕਮੇਟੀ ਫੀਸ ਤੇ ਆਰਡੀਐਫ ਦੀ ਕੀਤੀ ਜਾ ਰਹੀ ਵੱਡੇ ਪੱਧਰ ਤੇ ਚੋਰੀ
ਸ੍ਰੀ ਚਮਕੌਰ ਸਾਹਿਬ /ਮੋਰਿੰਡਾ 26 ਅਕਤੂਬਰ (ਭਟੋਆ)
ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਵਿੱਚ ਸਥਿਤ ਪੋਲਟਰੀ ਫਾਰਮ ਦੇ ਮਲਕਾਂ ਵੱਲੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਨਾਲ ਦੂਜੇ ਸੂਬਿਆਂ ਤੋਂ ਮੱਕੀ, ਜੌਂ ਅਤੇ ਬਾਜਰਾ ਆਦਿ ਮੰਗਵਾਉਣ ਸਮੇਂ ਵੱਡੇ ਪੱਧਰ ਤੇ ਮਾਰਕੀਟ ਕਮੇਟੀ ਅਤੇ ਰੂਰਲ ਡਿਵੈਲਪਮੈਂਟ ਫੰਡ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਸਬੰਧੀ ਜਿਲਾ ਮੰਡੀ ਅਫਸਰ ਵੱਲੋ ਮਾਰਕੀਟ ਕਮੇਟੀ ਦੇ ਚੇਅਰਮੈਨ ਤੇ ਸਕੱਤਰ ਦੀ ਹਾਜਰੀ ਵਿੱਚ ਮਾਮਲੇ ਦੀ ਪੜਤਾਲ ਕਰਨ ਉਪਰੰਤ ਪੋਲਟਰੀ ਫਾਰਮ ਦੇ ਮਲਕ ਨੂੰ ਸਵਾ ਲੱਖ ਰੁਪਏ ਤੋ ਵੱਧ ਦਾ ਜੁਰਮਾਨਾ ਕਰ ਦਿੱਤਾ ਹੈ , ਜਦਕਿ ਇਨਾ ਅਧਿਕਾਰੀਆਂ ਵੱਲੋ ਰਾਜਸਥਾਨ ਤੋ ਜਿਣਸ ਲੈਕੇ ਆਈ ਗੱਡੀ ਨੂੰ ਜਬਤ ਨਹੀ ਕੀਤਾ ਗਿਆ।
ਮਿਲੀ ਜਾਣਕਾਰੀ ਅਨੁਸਾਰ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਬਹਿਰਾਮਪੁਰ ਵਿਖੇ ਸਥਿਤ ਮਨਜੀਤ ਪੋਲਟਰੀ ਫਾਰਮ ਦੇ ਮਾਲਕਾਂ ਵੱਲੋ ਰਾਜਸਥਾਨ ਤੋ ਬਾਜਰਾ ਮੰਗਵਾਇਆ ਗਿਆ ਸੀ, ਜਿਸ ਉਪਰੰਤ ਤਾਲਿਬ ਨਾਮਕ ਡਰਾਈਵਰ ਗੱਡੀ ਨੰਬਰ ਆਰ ਜੇ -11- ਜੀਸੀ 4727 ਰਾਂਹੀ ਬਾਜਰਾ ਲੈਕੇ ਪੋਲਟਰੀ ਫਾਰਮ ਤੇ ਪੁੱਜਿਆ ਸੀ, ਜਿਸ ਸਬੰਧੀ ਗੁਪਤ ਸੂਚਨਾ ਮਿਲਣ ਤੇ ਜਿਲਾ ਮੰਡੀ ਅਫਸਰ ਸੁਰਿੰਦਰ ਪਾਲ ਸਿੰਘ ਵੱਲੋ ਰਾਜਸਥਾਨ ਨੰਬਰ ਟਰੱਕ ਦਾ ਪਿੱਛਾ ਕੀਤਾ ਗਿਆ ਅਤੇ ਟਰੱਕ ਰੁਕਣ ਉਪਰੰਤ ਟਰੱਕ ਡਰਾਈਵਰ ਤਾਲਿਬ ਨੇ ਪੁੱਛ ਕੇ ਦੌਰਾਨ ਦੱਸਿਆ ਕਿ ਇਸ ਟਰੱਕ ਵਿੱਚ ਰਾਜਸਥਾਨ ਦੀ ਮਾਲਕ ਖੇੜਾ ਮੰਡੀ ਤੋ 29 ਟਨ ਬਾਜਰਾ ਆਇਆ ਸੀ ਜੋ ਉਸ ਵੱਲੋ ਮਨਜੀਤ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਵਿਖੇ ਅਣਲੋਡ ਕੀਤਾ ਗਿਆ ਹੈ।ਇਸ ਸਬੰਧੀ ਟਰੱਕ ਡਰਾਈਵਰ ਤਾਲਿਬ ਨੇ ਮੰਡੀ ਅਧਿਕਾਰੀਆ ਨੂੰ.ਮੌਕੇ ਤੇ ਬਾਜਰੇ ਦਾ ਬਕਾਇਦਾ ਬਿੱਲ ਵੀ ਦਿਖਾਇਆ।
ਪ੍ਰੰਤੂ ਉਹ ਮਾਰਕੀਟ ਕਮੇਟੀ ਫੀਸ ਤੇ ਰੂਰਲ ਡਿਵੈਲਪਮੈਂਟ ਫੰਡ ਦੀ ਅਦਾਇਗੀ ਸਬੰਧੀ ਕੋਈ ਰਸੀਦ ਆਦਿ ਮੌਕੇ ਤੇ ਨਹੀ ਦਿਖਾ ਸਕਿਆ। ਜਿਸ ਉਪਰੰਤ ਜਿਲਾ ਮੰਡੀ ਅਫਸਰ ਸੁਰਿੰਦਰ ਪਾਲ ਸਿੰਘ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਆਪਣੇ ਦਫਤਰ ਦੇ ਕਲਰਕ ਨਾਲ ਪੋਲਟਰੀ ਫਾਰਮ ਬਹਿਰਾਮਪੁਰ ਬੇਟ ਦੇ ਪਿੰਡ ਮਹਿਤੋਤ ਦੀ ਪੜਤਾਲ ਕੀਤੀ ਗਈ ਤਾਂ ਉੱਥੇ ਦੂਜਿਆਂ ਸੂਬਿਆਂ ਤੇ ਪੰਜਾਬ ਵਿਚੋ ਭਾਰੀ ਮਾਤਰਾ ਵਿੱਚ ਮੰਗਵਾਇਆ ਗਿਆ ਜੌਂ,ਬਾਜਰਾ ਅਤੇ ਮੱਕੀ ਦਾ ਸਟਾਕ ਪਾਇਆ ਗਿਆ l ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਮੰਡੀ ਅਫਸਰ ਸੁਰਿੰਦਰ ਪਾਲ ਸਿੰਘ ਨੇ ਦੱਸਿਆ ਕਿ ਦੂਜਿਆਂ ਸੂਬਿਆਂ ਤੋਂ ਮੰਗਵਾਈ ਗਈ ਜਿਣਸ ਮੱਕੀ, ਜੌਂ , ਬਾਜਰਾ ਤੇ ਮਾਰਕੀਟ ਫੀਸ ਅਤੇ ਰੂਰਲ ਡਿਵੈਲਪਮੈਂਟ ਫੰਡ ਲੈਣਾ ਬਣਦਾ ਹੈ।
ਉਹਨਾਂ ਨੇ ਦੱਸਿਆ ਕਿ ਮਾਰਕੀਟ ਕਮੇਟੀ ਦੇ ਨੋਟੀਫਾਈਡ ਏਰੀਏ ਵਿੱਚ ਸਥਿਤ ਪੋਲਟਰੀ ਫਾਰਮ ਵਾਲੇ ਬਿਨਾਂ ਕਿਸੇ ਲਾਈਸੈਂਸ ਤੋਂ ਖਰੀਦੋ ਫਰੋਖਤ ਦਾ ਕਾਰੋਬਾਰ ਨਹੀਂ ਕਰ ਸਕਦੇ ।ਇਸ ਤੇ ਕਾਰਵਾਈ ਕਰਦਿਆਂ ਜਿਲਾ ਮੰਡੀ ਅਫਸਰ ਸੁਰਿੰਦਰ ਪਾਲ ਸਿੰਘ ਅਤੇ ਕਲਰਕ ਮਨਜੀਤ ਸਿੰਘ ਵੱਲੋਂ ਮਨਜੀਤ ਪੋਲਟਰੀ ਫਾਰਮ ਨੂੰ ਮਾਰਕੀਟ ਫੀਸ ਦੀ ਵਸੂਲੀ ਲਈ ਨੋਟਿਸ ਜਾਰੀ ਕੀਤਾ ਗਿਆ ਜਿਸ ਵਿੱਚ ਉਹਨਾਂ ਵੱਲੋਂ ਫੜਿਆ ਲਗਭਗ 600 ਕੁਇੰਟਲ ਬਾਜਰਾ ਜਿਸ ਦੀ ਕੀਮਤ 12 ਲੱਖ ਤੋਂ ਉੱਤੇ ਬਣਦੀ ਹੈ ਜਿਸ ਤੇ ਤਿੰਨ ਪ੍ਰਤੀਸ਼ਤ ਦੇ ਹਿਸਾਬ ਨਾਲ 36000 ਮਾਰਕੀਟ ਫੀਸ ਅਤੇ 36000 ਆਰਡੀਐਫ ਅਤੇ 36000 ਰੁਪਏ ਬਰਾਬਰ ਦਾ ਜੁਰਮਾਨਾ ਇਸੇ ਤਰ੍ਹਾਂ ਲਗਭਗ 100 ਕੁਇੰਟਲ ਮੱਕੀ ਜਿਸ ਦੀ ਕੀਮਤ ਲਗਭਗ ਦੋ ਲੱਖ ਰੁਪਏ ਬਣਦੀ ਹੈ ਜਿਸ ਤੋਂ ਮਾਰਕੀਟ ਫੀਸ 6000 ਆਰਡੀਐਫ 6000 ਜੁਰਮਾਨਾ 6000 ਕੁੱਲ 18000 ਰੁਪਏ ਬਣਦੀ ਬਣਦੀ ਹੈ l ਜਿਲਾ ਮੰਡੀ ਅਫਸਰ ਸੁਰਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਪੋਲਟਰੀ ਫਾਰਮ ਬਹਿਰਾਮਪੁਰ ਤੋਂ ਕੁੱਲ,126000 ਰੁਪਏ ਦੀ ਵਸੂਲੀ ਲਈ ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਸਿੰਘ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ l
ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਦੇ ਸਕੱਤਰ ਅਰਵਿੰਦ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਪੋਲਟਰੀ ਫਾਰਮ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ, ਤੇ ਦੋ ਦਿਨਾਂ ਦੇ ਅੰਦਰ ਫੀਸ ਅਤੇ ਜੁਰਮਾਨਾ ਜਮਾ ਕਰਾਉਣ ਲਈ ਕਿਹਾ ਗਿਆ ਹੈ l ਇੱਥੇ ਇਹ ਜ਼ਿਕਰ ਯੋਗ ਹੈ ਕਿ ਟਰੱਕ ਡਰਾਈਵਰਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਇਹ ਕਿਹਾ ਗਿਆ ਸੀ ਕਿ ਦੋ ਟਰੱਕ ਹੋਰ ਬਾਜਰੇ ਦੇ ਰਾਜਸਥਾਨ ਤੋਂ ਆ ਰਹੇ ਹਨ । ਇਹ ਵੀ ਵਰਨਣਯੋਗ ਹੈ ਕਿ ਉੱਚ ਪਹੁੰਚ ਰੱਖਣ ਵਾਲੇ ਉਕਤ ਪੋਲਟਰੀ ਫਾਰਮ ਵਾਲਿਆਂ ਦੇ ਪੰਜਾਬ ਵਿੱਚ ਹੋਰ ਵੀ ਕਈ ਵੱਡੇ ਪੋਲਟਰੀ ਫਾਰਮ ਹਨ , ਜਿਨਾਂ ਵੱਲੋ ਵੱਡੇ ਪੱਧਰ ਤੋਂ ਰਾਜਸਥਾਨ ਤੋਂ ਜੌਂ, ਮੱਕੀ ਤੇ ਬਾਜਰਾ ਆਦਿ ਮੰਗਵਾਇਆ ਜਾਂਦਾ ਹੈ l ਇਸ ਮੌਕੇ ਤੇ ਪੋਲਟਰੀ ਫਾਰਮ ਤੇ ਮੌਕੇ ਉੱਤੇ ਡੀਐਮਓ ਸੁਰਿੰਦਰ ਪਾਲ ਸਿੰਘ, ਕਲਰਕ ਮਨਜੀਤ ਸਿੰਘ, ਮਾਰਕੀਟ ਕਮੇਟੀ ਸ਼੍ਰੀ ਚਮਕੌਰ ਸਾਹਿਬ ਤੋਂ ਚੇਅਰਮੈਨ ਸਿਕੰਦਰ ਸਿੰਘ ਸਹੇੜੀ, ਸੈਕਟਰੀ ਅਰਵਿੰਦ ਸਿੰਘ ਤੇ ਕਲਰਕ ਬਲਜੀਤ ਸਿੰਘ ਵੀ ਹਾਜ਼ਰ ਸਨ।




