ਚੰਡੀਗੜ੍ਹ, 26 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਚਮਕੌਰ ਸਾਹਿਬ ਦਾ ਰਹਿਣ ਵਾਲਾ ਜੁਝਾਰ ਸਿੰਘ, ਅਬੂ ਧਾਬੀ ਵਿੱਚ ਹੋਏ ਪਾਵਰ ਸਲੈਪ ਮੁਕਾਬਲੇ ਦਾ ਪਹਿਲਾ ਸਿੱਖ ਚੈਂਪੀਅਨ ਬਣ ਗਿਆ ਹੈ। 24 ਅਕਤੂਬਰ ਨੂੰ ਹੋਏ ਮੁਕਾਬਲੇ ਵਿੱਚ, ਜੁਝਾਰ ਨੇ ਰੂਸ ਦੇ ਮੁਕਾਬਲੇਬਾਜ਼, ਐਂਟੋਨੀ ਗਲੁਸ਼ਕਾ ਨੂੰ ਇੱਕ ਜ਼ੋਰਦਾਰ ਥੱਪੜ ਨਾਲ ਹਰਾਇਆ।
ਜੁਝਾਰ ਸਿੰਘ ਨੇ ਆਪਣੇ ਫੇਸਬੁੱਕ ਪੇਜ ‘ਤੇ ਅਬੂ ਧਾਬੀ ਵਿੱਚ ਹੋਏ ਮੁਕਾਬਲੇ ਦਾ ਇੱਕ ਵੀਡੀਓ ਸਾਂਝਾ ਕੀਤਾ। ਵੀਡੀਓ ਵਿੱਚ, ਜੁਝਾਰ ਨੱਚਦਾ ਦਿਖਾਈ ਦੇ ਰਿਹਾ ਹੈ। ਜਿੱਤ ਤੋਂ ਬਾਅਦ, ਉਸ ਨੇ ਕਿਹਾ ਹੈ, “ਆਈ ਐਮ ਵਿਨਰ” ਜੁਝਾਰ ਸਿੰਘ ਨੇ ਫਿਰ ਪੋਸਟ ਵਿੱਚ ਕਿਹਾ: ਅੱਜ ਮੇਰਾ ਸੁਪਨਾ ਸਾਕਾਰ ਹੋ ਗਿਆ ਹੈ। ਹੁਣ ਮੈਂ ਪਹਿਲਾ ਭਾਰਤੀ ਪਾਵਰ ਸਲੈਪ ਚੈਂਪੀਅਨ ਬਣ ਗਿਆ ਹਾਂ।
ਜੁਝਾਰ ਅਤੇ ਗਲੁਸ਼ਕਾ ਵਿਚਕਾਰ ਸਿੱਕਾ ਟਾਸ ਹੋਇਆ। ਗਲੁਸ਼ਕਾ ਨੇ ਟਾਸ ਜਿੱਤਿਆ ਅਤੇ ਪਹਿਲਾ ਥੱਪੜ ਮਾਰਿਆ। ਜੁਝਾਰ ਇੱਕ ਕਦਮ ਪਿੱਛੇ ਹਟ ਗਿਆ। ਫਿਰ ਜੁਝਾਰ ਨੇ ਗਲੁਸ਼ਕਾ ਨੂੰ ਥੱਪੜ ਮਾਰਿਆ, ਪਰ ਗਲੁਸ਼ਕਾ ਹਿੱਲਿਆ ਨਹੀਂ। ਪਹਿਲੇ ਦੌਰ ਵਿੱਚ, ਜੁਝਾਰ ਨੂੰ 9 ਅੰਕ ਅਤੇ ਗਲੁਸ਼ਕਾ ਨੂੰ 10 ਅੰਕ ਮਿਲੇ। ਦੂਜੇ ਦੌਰ ਵਿੱਚ, ਗਲੁਸ਼ਕਾ ਦੇ ਥੱਪੜ ਨੇ ਜੁਝਾਰ ਦੀ ਅੱਖ ਨੂੰ ਜ਼ਖਮੀ ਕਰ ਦਿੱਤਾ, ਅਤੇ ਗਲੁਸ਼ਕਾ ਦੇ ਥੱਪੜ ਨੂੰ ਫਾਊਲ ਮੰਨਿਆ ਗਿਆ। ਤੀਜੇ ਦੌਰ ਵਿੱਚ, ਗਲੁਸ਼ਕਾ ਨੇ ਜੁਝਾਰ ਨੂੰ ਥੱਪੜ ਮਾਰਿਆ, ਪਰ ਜੁਝਾਰ ਹਿੱਲਿਆ ਨਹੀਂ, ਜਿਸ ਨਾਲ ਉਸਨੂੰ 10 ਅੰਕ ਮਿਲੇ। ਤੀਜੇ ਦੌਰ ਦੇ ਆਖਰੀ ਥੱਪੜ ਵਿੱਚ, ਜੁਝਾਰ ਦੇ ਥੱਪੜ ਨੇ ਗਲੁਸ਼ਕਾ ਨੂੰ ਬੁਰੀ ਤਰ੍ਹਾਂ ਹਿਲਾ ਦਿੱਤਾ, ਜਿਸ ਨਾਲ ਜੁਝਾਰ ਨੂੰ ਕੁੱਲ 29 ਅੰਕ ਮਿਲੇ ਅਤੇ ਗਲੁਸ਼ਕਾ ਨੂੰ 27 ਅੰਕ ਮਿਲੇ ਅਤੇ ਜੁਝਾਰ ਸਿੰਘ ਦੀ ਜਿੱਤ ਹੋਈ।
ਜਿਵੇਂ ਹੀ ਜੁਝਾਰ ਦੀ ਜਿੱਤ ਦਾ ਐਲਾਨ ਹੋਇਆ ਅਤੇ ਰੈਫਰੀ ਨੇ ਉਸ ਦਾ ਹੱਥ ਉੱਚਾ ਕੀਤਾ ਤਾਂ ਜੁਝਾਰ ਸਿੰਘ ਨੇ ਸਟੇਜ ‘ਤੇ ਭੰਗੜਾ ਪਾਉਣਾ ਸ਼ੁਰੂ ਕਰ ਦਿੱਤਾ। ਜੁਝਾਰ ਨੇ ਇੱਕ ਵਾਰ ਫਿਰ ਆਪਣੀਆਂ ਮੁੱਛਾਂ ਨੂੰ ਤਾਅ ਦਿੰਦੇ ਹੋਏ ਕਿਹਾ “ਪੰਜਾਬੀ ਆ ਗਏ ਓਏ।” ਫਿਰ, ਸਿੱਧੂ ਨੇ ਮੂਸੇਵਾਲਾ ਸਟਾਈਲ ਵਿੱਚ ਪੱਟ ‘ਤੇ ਥਾਪੀ ਮਾਰੀ।




