ਬਠਿੰਡਾ, 27 ਅਕਤੂਬਰ, ਦੇਸ਼ ਕਲਿੱਕ ਬਿਓਰੋ :
2021 ਦੇ ਕਿਸਾਨ ਅੰਦੋਲਨ ਮੌਕੇ ਬਜ਼ੁਰਗ ਕਿਸਾਨ ਮਹਿਲਾ ਉਤੇ ਟਿੱਪਣੀ ਕਰਨ ਦੇ ਮਾਮਲੇ ਵਿੱਚ ਆਦਾਕਾਰ ਤੇ ਐਮਪੀ ਕੰਗਨਾ ਰਣੌਤ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਹੋਵੇਗੀ। ਅਦਾਲਤ ਨੇ ਪਹਿਲਾਂ ਕਈ ਵਾਰ ਕੰਗਨਾ ਨੂੰ ਸੰਮਨ ਜਾਰੀ ਕੀਤੇ, ਪ੍ਰੰਤੂ ਉਹ ਅਦਾਲਤ ਵਿੱਚ ਪੇਸ਼ ਨਹੀਂ ਹੋਈ। ਕੰਗਨਾ ਦੇ ਵਕੀਲ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ ਦੀ ਅਰਜ਼ੀ ਵੀ ਲਗਾਈ ਸੀ, ਜਿਸ ਨੂੰ ਅਦਾਲਤ ਨੇ ਰੱਦ ਕਰ ਦਿੱਤਾ। ਹੁਣ ਅਦਾਲਤ ਨੇ ਕੰਗਨਾ ਨੂੰ ਅੱਜ 27 ਅਕਤੂਬਰ ਨੂੰ ਵਿਅਕਤੀਗਤ ਰੂਪ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ। ਅੱਜ ਉਹ 2 ਵਜੇ ਅਦਾਲਤ ਵਿੱਚ ਪੇਸ਼ ਹੋਵੇਗੀ।
ਜ਼ਿਕਰਯੋਗ ਹੈ ਕਿ 2021 ਵਿਚ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਜ਼ਿਲ੍ਹੇ ਦੇ ਇਕ ਬਜ਼ੁਰਗ ਕਿਸਾਨ ਮਹਿੰਦਰ ਕੌਰ ਦੀ ਫੋਟੋ ਸਾਂਝੀ ਕਰਦੇ ਹੋਏ ਟਿੱਪਣੀ ਕੀਤੀ ਸੀ। ਕੰਗਨਾ ਨੇ ਕਿਹਾ ਸੀ ਕਿ 100-100 ਰੁਪਏ ਲੈ ਕੇ ਪ੍ਰਦਰਸ਼ਨ ਕਰਨ ਲਈ ਆਉਂਦੀ ਹੈ। ਮਹਿੰਦਰ ਕੌਰ ਨੇ ਇਸ ਟਿੱਪਣੀ ਖਿਲਾਫ ਮਾਣਹਾਨੀ ਦਾ ਕੇਸ ਦਰਜ ਕੀਤਾ ਸੀ।
ਕੰਗਨਾ ਰਣੌਤ ਦੀ ਪੇਸ਼ੀ ਨੂੰ ਲੈ ਕੇ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਵੱਡੀ ਗਿਣਤੀ ਵਿੱਚ ਸੁਰੱਖਿਆ ਕਰਮਚਾਰੀ ਤੈਨਾਤ ਕੀਤੇ ਗਏ ਹਨ।




