ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸਾਰੇ ਆਗੂਆਂ ਦਾ ਆਪ ਵਿੱਚ ਕੀਤਾ ਸਵਾਗਤ
ਤਰਨਤਾਰਨ 27 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਤਰਨਤਾਰਨ ਜਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡੀ ਸਫਲਤਾ ਮਿਲੀ ਹੈ। ਸੋਮਵਾਰ ਨੂੰ ਮੰਡੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਲਬੀਰ ਸਿੰਘ ਆਪਣੇ ਸਾਥੀਆਂ ਸਮੇਤ ਆਕਾਲੀ ਦਲ ਛੱਡ ਕੇ ‘ਆਪ’ ਵਿੱਚ ਸ਼ਾਮਿਲ ਹੋ ਗਏ।
ਉਨ੍ਹਾਂ ਦੇ ਨਾਲ ਸ਼ਾਮਿਲ ਹੋਣ ਵਾਲੀਆਂ ਵਿੱਚ ਦਯਾ ਸਿੰਘ, ਸਾਹਬ ਸਿੰਘ, ਜਗਦੀਪ ਸਿੰਘ, ਪਾਲ ਸਿੰਘ, ਸੱਬਾ ਸਿੰਘ ਅਤੇ ਮਾਰੂ ਸਿੰਘ ਪ੍ਰਮੁੱਖ ਹਨ।
ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਅਤੇ ਜਨਰਲ ਸਕੱਤਰ ਐਸ.ਐਸ. ਆਹਲੂਵਾਲੀਆ ਦੀ ਮੌਜੂਦਗੀ ਵਿੱਚ ਸਾਰੇ ਨਵੇਂ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਾਇਆ ਅਤੇ ਸਵਾਗਤ ਕੀਤਾ। ਮੰਤਰੀ ਭੁੱਲਰ ਨੇ ਕਿਹਾ ਕਿ ਸਾਰੇ ਮੈਂਬਰਾਂ ਦਾ ਪਾਰਟੀ ਵਿੱਚ ਸ਼ਾਮਲ ਹੋਣਾ ਭਗਵੰਤ ਮਾਨ ਸਰਕਾਰ ਦੀ ਇਮਾਨਦਾਰੀ, ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਨਾਲ ਉਨ੍ਹਾਂ ਨੂੰ ਮਿਲੀ ਅਥਾਹ ਖੁਸ਼ੀ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਅੱਜ ਹਰ ਵਰਗ ਦੇ ਲੋਕ, ਚਾਹੇ ਉਹ ਕਿਸਾਨ ਹੋਣ, ਮਜ਼ਦੂਰ ਹੋਣ ਜਾਂ ਵਪਾਰੀ, ਮੁੱਖ ਮੰਤਰੀ ਭਗਵੰਤ ਮਾਨ ਦੀਆਂ ਨੀਤੀਆਂ ਅਤੇ ਆਮ ਆਦਮੀ ਪਾਰਟੀ ਦੇ ਕੰਮ ਤੋਂ ਖੁਸ਼ ਹੋ ਕੇ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਇਹ ਜਨਤਾ ਦਾ ਵਿਸ਼ਵਾਸ ਹੈ ਜੋ ਪੰਜਾਬ ਵਿੱਚ ਬਦਲਾਅ ਦੀ ਇੱਕ ਨਵੀਂ ਕਹਾਣੀ ਲਿਖ ਰਿਹਾ ਹੈ।
ਮੰਤਰੀ ਭੁੱਲਰ ਨੇ ਤਰਨਤਾਰਨ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਵੱਡੇ ਫਰਕ ਨਾਲ ਜੇਤੂ ਬਣਾਉਣ ਤਾਂ ਜੋ ਮੁੱਖ ਮੰਤਰੀ ਭਗਵੰਤ ਮਾਨ ਦੇ ਹੱਥ ਮਜ਼ਬੂਤ ਹੋਣ ਅਤੇ ਵਿਕਾਸ ਦੀ ਰਫ਼ਤਾਰ ਹੋਰ ਵਧੇ।




