ਜਲੰਧਰ, 28 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਪੰਜਾਬ ਪੁਲਿਸ ਵੱਲੋਂ ਸਾਬਕਾ ਏ.ਆਈ.ਜੀ. ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦੀ ਖਬਰ ਸਾਹਮਣੇ ਆਈ ਹੈ। ਜਿਸ ਮਾਮਲੇ ‘ਚ ਗ੍ਰਿਫਤਾਰੀ ਹੋਈ ਉਹ ਮਾਮਲਾ 2019 ਦਾ ਹੈ, ਦੋਸ਼ ਹਨ ਕਿ ਇਹ ਉਨ੍ਹਾਂ ਵੱਲੋਂ ਝੂਠਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਪੂਰੇ ਮਾਮਲੇ ਬਾਰੇ ਡੀ.ਜੀ.ਪੀ. ਵਲੋਂ ਜਲਦ ਹੀ ਖ਼ੁਲਾਸਾ ਕੀਤਾ ਜਾਵੇਗਾ। ਪਰ ਫਿਲਹਾਲ ਇਸ ਮਾਮਲੇ ’ਚ ਕੋਈ ਵੀ ਅਧਿਕਾਰੀ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵੱਖ-ਵੱਖ ਜ਼ਿਲ੍ਹਿਆਂ ’ਚ ਬਤੌਰ ਐਸ.ਐਸ.ਪੀ. ਸੇਵਾਵਾਂ ਨਿਭਾ ਚੁੱਕੇ ਅਤੇ ਐੱਸ.ਟੀ.ਐੱਫ਼. ਦੇ ਏ.ਆਈ.ਜੀ. ਵਜੋਂ ਸੇਵਾਵਾਂ ਨਿਭਾਉਣ ਦੌਰਾਨ ਰਛਪਾਲ ਸਿੰਘ ਵਲੋਂ ਸਾਲ 2019 ’ਚ ਆਪਣੇ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ ਮਿਲ ਕੇ ਇਕ ਵਿਅਕਤੀ ਖ਼ਿਲਾਫ਼ 200 ਗ੍ਰਾਮ ਨਸ਼ੀਲੇ ਪਦਾਰਥ ਦਾ ਝੂਠਾ ਮੁਕੱਦਮਾ ਦਰਜ ਕੀਤਾ ਗਿਆ ਸੀ।
ਪੀੜਤ ਵਲੋਂ ਇਸ ਮਾਮਲੇ ਦੀ ਪੁਲਿਸ ਵਿਭਾਗ ਅਤੇ ਸਰਕਾਰ ਅੱਗੇ ਸ਼ਿਕਾਇਤ ਦਿੱਤੀ ਗਈ, ਤਾਂ ਡੀ.ਜੀ.ਪੀ. ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰਵਾਈ ਗਈ। ਵਿਸ਼ੇਸ਼ ਜਾਂਚ ਟੀਮਾਂ ਵਲੋਂ ਮਾਮਲੇ ਦੀ ਸਚਾਈ ਨੂੰ ਸਾਹਮਣੇ ਲਿਆਉਣ ਲਈ ਅੱਜ ਬਿਆਸ ਨੇੜੇ ਕਾਰਵਾਈ ਕਰਦੇ ਹੋਏ, ਅੰਮ੍ਰਿਤਸਰ ਤੋਂ ਜਲੰਧਰ ਆ ਰਹੇ ਸਾਬਕਾ ਏ.ਆਈ.ਜੀ. ਰਛਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦਈਏ ਕਿ ਇਸ ਦੀ ਪੁਸ਼ਟੀ ਸੂਤਰਾਂ ਵਲੋਂ ਕੀਤੀ ਗਈ ਹੈ, ਪਰ ਫਿਲਹਾਲ ਇਸ ਮਾਮਲੇ ’ਚ ਕੋਈ ਵੀ ਅਧਿਕਾਰੀ ਜਾਣਕਾਰੀ ਸਾਂਝੀ ਨਹੀਂ ਕਰ ਰਿਹਾ ਨਾ ਹੀ ਉਨ੍ਹਾਂ ਵੱਲੋਂ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।




