ਰੋਹਤਕ, 28 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਹਰਿਆਣਾ ਦੇ ਰੋਹਤਕ ਵਿੱਚ ਮਹਾਰਿਸ਼ੀ ਦਯਾਨੰਦ ਯੂਨੀਵਰਸਿਟੀ (ਐਮਡੀਯੂ) ਵਿੱਚ ਬਹੁਤ ਹੀ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਅਸਲ ‘ਚ ਸੁਪਰਵਾਈਜ਼ਰ ਨੇ ਸਫਾਈ ਕਰਮਚਾਰੀਆਂ ਨੂੰ ਕੱਪੜੇ ਉਤਾਰ ਕੇ ਮਾਹਵਾਰੀ ਦੀ ਜਾਂਚ ਕਰਾਉਣ ਲਈ ਕਿਹਾ। ਜਿਸ ਤੋਂ ਬਾਅਦ ਇਹ ਮਾਮਲਾ ਬਹੁਤ ਵਧ ਗਿਆ।
ਅਸਲ ‘ਚ ਮੰਗਲਵਾਰ ਨੂੰ ਦੋ ਮਹਿਲਾ ਸਫਾਈ ਕਰਮਚਾਰੀਆਂ ਨੇ ਮਾਹਵਾਰੀ ਕਾਰਨ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦੇ ਹੋਏ, ਆਪਣੇ ਸੁਪਰਵਾਈਜ਼ਰ ਤੋਂ ਬ੍ਰੇਕ ਦੀ ਬੇਨਤੀ ਕੀਤੀ ਸੀ। ਪਰ ਬ੍ਰੇਕ ਦੇਣ ਦੀ ਥਾਂ ਸੁਪਰਵਾਈਜ਼ਰ ਨੇ ਕਥਿਤ ਤੌਰ ‘ਤੇ ਉਨ੍ਹਾਂ ਨੂੰ ਆਪਣੇ ਕੱਪੜੇ ਉਤਾਰਨ ਅਤੇ ਮਾਹਵਾਰੀ ਜਾਂਚ ਕਰਵਾਉਣ ਲਈ ਕਿਹਾ। ਦੋ ਮਹਿਲਾ ਸਫਾਈ ਕਰਮਚਾਰੀਆਂ ਨੇ ਦੋਸ਼ ਲਗਾਇਆ ਕਿ ਸੁਪਰਵਾਈਜ਼ਰ ਨੇ ਇੱਕ ਮਹਿਲਾ ਸੁਰੱਖਿਆ ਗਾਰਡ ਰਾਹੀਂ ਮਹਿਲਾ ਸਫਾਈ ਕਰਮਚਾਰੀ ਨੂੰ ਆਪਣੇ ਕੱਪੜੇ ਉਤਾਰਨ ਅਤੇ ਸਰੀਰਕ ਜਾਂਚ ਕਰਵਾਉਣ ਅਤੇ ਕੱਪੜੇ ਉਤਾਰ ਫੋਟੋ ਖਿਚਵਾਉਣ ਲਈ ਕਿਹਾ। ਇਸ ਤੋਂ ਬਾਅਦ, ਹੋਰ ਸਫਾਈ ਕਰਮਚਾਰੀਆਂ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ, ਅਤੇ ਹੰਗਾਮਾ ਸ਼ੁਰੂ ਹੋ ਗਿਆ।
ਸੁਪਰਵਾਈਜ਼ਰ ਦੀ ਇਸ ਹਰਕਤ ਤੋਂ ਬਾਅਦ ਮਹਿਲਾ ਸਫਾਈ ਕਰਮਚਾਰੀਆਂ ਨੇ ਰੱਜ ਕੇ ਹੰਗਾਮਾ ਕੀਤਾ। ਜਿਵੇਂ ਹੀ ਇਹ ਵਿਵਾਦ ਵਧਦਾ ਗਿਆ, ਵਿਦਿਆਰਥੀ ਸੰਗਠਨ ਵੀ ਸਫਾਈ ਕਰਮਚਾਰੀਆਂ ਦੇ ਸਮਰਥਨ ਵਿੱਚ ਸਾਹਮਣੇ ਆਏ ਅਤੇ ਸੁਪਰਵਾਈਜ਼ਰ ਨੂੰ ਮੁਅੱਤਲ ਕਰਨ ਦੀ ਮੰਗ ਕੀਤੀ। ਜਿਸ ਤੋਂ ਬਾਅਦ ਰਜਿਸਟਰਾਰ ਕੇਕੇ ਗੁਪਤਾ ਮੌਕੇ ‘ਤੇ ਪਹੁੰਚੇ ਅਤੇ ਕਿਹਾ ਕਿ ਉਹ ਯੂਨੀਵਰਸਿਟੀ ਵਿੱਚ ਔਰਤਾਂ ਵਿਰੁੱਧ ਕਿਸੇ ਵੀ ਗਲਤ ਕੰਮ ਦੀ ਜਾਂਚ ਕਰਨਗੇ।
ਉਨ੍ਹਾਂ ਕਿਹਾ ਕਿ ਸੁਪਰਵਾਈਜ਼ਰ ਨੂੰ ਹਟਾ ਦਿੱਤਾ ਗਿਆ ਹੈ ਅਤੇ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜ਼ਰੂਰੀ ਹੋਇਆ ਤਾਂ ਦੋਸ਼ੀ ਵਿਰੁੱਧ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ, ਅਤੇ ਕਿਸੇ ਵੀ ਮਹਿਲਾ ਕਰਮਚਾਰੀ ਵਿਰੁੱਧ ਅਜਿਹਾ ਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਮਹਿਲਾ ਸਫਾਈ ਕਰਮਚਾਰੀਆਂ ਜਾਂ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੋਈ ਪੁਲਿਸ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ ਹੈ।




