ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ‘ਚ ਟਰੈਵਲ ਏਜੰਟ ਵਿਰੁੱਧ ਪਰਚਾ ਦਰਜ

ਪੰਜਾਬ

ਮੋਰਿੰਡਾ 28 ਅਕਤੂਬਰ (ਭਟੋਆ)

ਮੋਰਿੰਡਾ ਪੁਲਿਸ ਵੱਲੋਂ ਬਲਾਕ ਦੇ ਪਿੰਡ ਬੂਰਮਾਜਰਾ ਦੀ ਇੱਕ ਔਰਤ ਵੱਲੋਂ ਪਿੰਡ ਬੂਰਮਾਜਰਾ ਦੇ ਹੀ ਇੱਕ ਟਰੈਵਲ ਏਜੰਟ ਵੱਲੋਂ ਉਸਦੇ ਲੜਕੇ ਨੂੰ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 20 ਲੱਖ ਰੁਪਏ ਦੀ ਠੱਗੀ ਮਾਰਨ ਸਬੰਧੀ ਐਸਐਸਪੀ ਰੂਪਨਗਰ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਉਪਰੰਤ ਟਰੈਵਲ ਏਜੰਟ ਵਿਰੁੱਧ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਕੈਲਾਸ਼ ਬਹਾਦਰ ਐਸਐਚਓ ਮੋਰਿੰਡਾ ਸਦਰ ਨੇ ਦੱਸਿਆ ਕਿ ਪਰਮਜੀਤ ਕੌਰ ਪਤਨੀ ਸਵਰਗੀ ਕੁਲਦੀਪ ਸਿੰਘ ਵਾਸੀ ਪਿੰਡ ਬੂਰਮਾਜਰਾ ਵੱਲੋਂ ਐਸਐਸਪੀ ਰੂਪਨਗਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਹਰਜੀਤ ਸਿੰਘ ਢਿੱਲੋ ਪੁੱਤਰ ਪ੍ਰੀਤਮ ਸਿੰਘ ਵਾਸੀ ਪਿੰਡ ਬੂਰਮਾਜਰਾ ਨੇ ਉਸ ਦੇ ਲੜਕੇ ਰਵਿੰਦਰ ਸਿੰਘ ਨੂੰ ਅਮਰੀਕਾ ਭੇਜਣ ਲਈ 27 ਲੱਖ ਰੁਪਏ ਲਏ ਸਨ, ਪਰੰਤੂ ਇਸ ਵਿਅਕਤੀ ਵੱਲੋਂ ਉਸ ਦੇ ਲੜਕੇ ਨੂੰ ਅਮਰੀਕਾ ਨਹੀਂ ਭੇਜਿਆ ਗਿਆ।

ਪਰਮਜੀਤ ਕੌਰ ਨੇ ਆਪਣੀ ਦਰਖਾਸਤ ਵਿੱਚ ਦੱਸਿਆ ਕਿ ਉਸ ਵੱਲੋਂ ਇਸ ਸਬੰਧੀ ਪਹਿਲਾਂ ਵੀ ਦਰਖਾਸਤ ਦਿੱਤੀ ਗਈ ਸੀ ਜਿਸ ਦੀ ਪੜਤਾਲ ਸਮੇਂ ਡੀਐਸਪੀ (ਡੀ ) ਦੀ ਹਾਜ਼ਰੀ ਵਿੱਚ ਪੈਸੇ ਵਾਪਸ ਕਰਨ ਦਾ ਫੈਸਲਾ ਲਿਆ ਗਿਆ ਸੀ ਤੇ ਇਸ ਲਈ ਹਰਜੀਤ ਸਿੰਘ ਢਿੱਲੋਂ ਵੱਲੋਂ ਉਸ ਨੂੰ ਦੋ ਚੈੱਕ ਵੀ ਦਿੱਤੇ ਗਏ, ਜਿਹੜੇ ਕਿ ਬੈਂਕ ਵਿੱਚ ਲਗਾਉਣ ਤੇ ਬਾਉਂਸ ਹੋ ਗਏ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਜਦੋਂ ਫਿਰ ਪੜਤਾਲੀਆ ਅਧਿਕਾਰੀ ਵੱਲੋਂ ਹਰਜੀਤ ਸਿੰਘ ਢਿੱਲੋਂ ਨੂੰ ਬੁਲਾਇਆ ਗਿਆ ਤਾਂ ਉਸ ਨੇ ਹਰੇਕ ਮਹੀਨੇ ਲੱਖ ਰੁਪਇਆ ਦੇਣ ਦਾ ਵਾਅਦਾ ਕੀਤਾ ਅਤੇ ਉਸ ਨੂੰ 7 ਕਿਸਤਾਂ ਰਾਹੀਂ 7 ਲੱਖ ਰੁਪਏ ਵਾਪਸ ਵੀ ਕੀਤੇ ਗਏ , ਪਰੰਤੂ ਉਸ ਤੋਂ ਬਾਅਦ ਹਰਜੀਤ ਸਿੰਘ ਢਿੱਲੋਂ ਨੇ ਪੈਸੇ ਵਾਪਸ ਦੇਣੇ ਬੰਦ ਕਰ ਦਿੱਤੇ।

ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਉਪਰੋਕਤ ਸ਼ਿਕਾਇਤ ਦੀ ਪੜਤਾਲ ਉਪ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਰੂਪਨਗਰ ਵੱਲੋਂ ਕੀਤੀ ਗਈ ਜਿਸ ਉਪਰੰਤ ਜਿਲਾ ਅਟਾਰਨ ਰੂਪਨਗਰ ਦੀ ਰਾਏ ਲੈਣ ਤੇ ਐਸਐਸਪੀ ਰੂਪਨਗਰ ਦੀ ਪ੍ਰਵਾਨਗੀ ਉਪਰੰਤ ਹਰਜੀਤ ਸਿੰਘ ਢਿੱਲੋਂ ਖਿਲਾਫ ਬੀਐਨਐਸ ਦੀ ਧਾਰਾ 316(2), 318( 4) ਅਤੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ 2014 ਦੀ ਧਾਰਾ 13 ਅਧੀਨ ਮੁਕਦਮਾ ਦਰਜ ਕਰਕੇ ਏਐਸਆਈ ਕਸ਼ਮੀਰੀ ਲਾਲ ਨੇ ਅਗਲੇਰੀ ਕਾਰਵਾਈ ਲਈ ਪੜਤਾਲੀਆ ਅਫਸਰ ਨਿਯੁਕਤ ਕੀਤਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।