ਕਾਰਜਕਾਰੀ ਪ੍ਰਧਾਨ ਸ਼ੈਰੀ ਕਲਸੀ ਨੇ ਹਰਚੰਦ ਬਰਸਟ ਦੀ ਮੌਜੂਦਗੀ ‘ਚ ਨਵੇਂ ਆਗੂਆਂ ਨੂੰ ‘ਆਪ’ ‘ਚ ਕਰਾਇਆ ਸ਼ਾਮਿਲ
ਤਰਨਤਾਰਨ, 29 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਤਰਨਤਾਰਨ ਜ਼ਿਮਨੀ ਚੋਣ ਤੋਂ ਪਹਿਲਾਂ ਆਮ ਆਦਮੀ ਪਾਰਟੀ (ਆਪ) ਨੂੰ ਅੱਜ ਉਸ ਵੇਲੇ ਵੱਡੀ ਮਜ਼ਬੂਤੀ ਮਿਲੀ ਜਦੋਂ ਕਾਂਗਰਸ ਪਾਰਟੀ ਦੇ ਸੈਂਕੜੇ ਸਥਾਨਕ ਆਗੂਆਂ ਅਤੇ ਵਰਕਰਾਂ ਨੇ ਆਪਣੀ ਪਾਰਟੀ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਬੁੱਧਵਾਰ ਨੂੰ ਹੋਈ ਇਸ ਵੱਡੀ ਸ਼ਮੂਲੀਅਤ ਨੂੰ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਲਈ ਵੱਡੇ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ।
‘ਆਪ’ ਪੰਜਾਬ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਡਾ. ਐਸ. ਐਸ. ਆਹਲੂਵਾਲੀਆ, ਸੂਬਾ ਸਕੱਤਰ ਗੁਰਦੇਵ ਸਿੰਘ ਲਾਖਣਾ ਅਤੇ ‘ਆਪ’ ਆਗੂ ਜਸਬੀਰ ਸਿੰਘ ਅਤੇ ਸੁਰ ਸਿੰਘ ਦੀ ਮੌਜੂਦਗੀ ਵਿੱਚ ਸਾਰੇ ਨਵੇਂ ਮੈਂਬਰਾਂ ਨੂੰ ‘ਜੀ ਆਇਆਂ’ ਆਖਿਆ ਅਤੇ ਪਾਰਟੀ ਵਿੱਚ ਰਸਮੀ ਤੌਰ ‘ਤੇ ਸ਼ਾਮਲ ਕਰਵਾਇਆ।
ਇਸ ਮੌਕੇ ਕਾਂਗਰਸ ਛੱਡ ਕੇ ‘ਆਪ’ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਬਾਬਾ ਸਰੂਪ ਸਿੰਘ, ਸੁਖਪਾਲ ਸਿੰਘ, ਰਛਪਾਲ ਸਿੰਘ, ਜਤਿੰਦਰ ਸਿੰਘ, ਸੁਰਜੀਤ ਸਿੰਘ, ਲਖਵਿੰਦਰ ਸਿੰਘ, ਦਿਲਬਾਗ ਸਿੰਘ, ਬਲਵਿੰਦਰ ਸਿੰਘ, ਅਮਰੀਕ ਸਿੰਘ, ਵੀਰ ਸਿੰਘ, ਗੁਰਮੇਲ ਸਿੰਘ, ਗੁਰਬੀਰ ਸਿੰਘ, ਪਰਮਬੀਰ ਸਿੰਘ, ਸਾਹਿਬ ਸਿੰਘ, ਜਸਕਰਨ ਸਿੰਘ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ, ਗੁਰਦੇਵ ਸਿੰਘ, ਚਮਕੌਰ ਸਿੰਘ ਅਤੇ ਬਲਦੇਵ ਸਿੰਘ ਸਮੇਤ ਸੈਂਕੜੇ ਹੋਰ ਆਗੂ ਅਤੇ ਵਰਕਰ ਸ਼ਾਮਲ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਇਮਾਨਦਾਰ ਸ਼ਾਸਨ ਅਤੇ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਹਰ ਰੋਜ਼ ਚੰਗੇ ਲੋਕ ‘ਆਪ’ ਨਾਲ ਜੁੜ ਰਹੇ ਹਨ। ਕਾਂਗਰਸ ਅਤੇ ਅਕਾਲੀ ਦਲ ਨੇ ਹਮੇਸ਼ਾ ਤਰਨਤਾਰਨ ਦੇ ਲੋਕਾਂ ਨੂੰ ਧੋਖਾ ਦਿੱਤਾ ਹੈ। ਅੱਜ ਸੈਂਕੜੇ ਸਾਥੀਆਂ ਦੇ ਆਉਣ ਨਾਲ ਪਾਰਟੀ ਨੂੰ ਜ਼ਮੀਨੀ ਪੱਧਰ ‘ਤੇ ਵੱਡੀ ਤਾਕਤ ਮਿਲੀ ਹੈ। ਮੈਨੂੰ ਯਕੀਨ ਹੈ ਕਿ ਇਹ ਸਾਰੇ ਆਗੂ ਸਾਡੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੂਰੀ ਮਿਹਨਤ ਕਰਨਗੇ।
ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਇਹ ਸ਼ਮੂਲੀਅਤ ਦੱਸਦੀ ਹੈ ਕਿ ਜ਼ਿਮਨੀ ਚੋਣ ਦੀ ਹਵਾ ਕਿਸ ਪਾਸੇ ਵਗ ਰਹੀ ਹੈ। ਰਵਾਇਤੀ ਪਾਰਟੀਆਂ ਨੇ ਸਰਹੱਦੀ ਹਲਕੇ ਤਰਨਤਾਰਨ ਨੂੰ ਦਹਾਕਿਆਂ ਤੋਂ ਸਿਰਫ਼ ਲੁੱਟਿਆ ਹੈ। ਪਹਿਲੀ ਵਾਰ ਭਗਵੰਤ ਮਾਨ ਸਰਕਾਰ ਨੇ ਇੱਥੇ ਅਸਲ ਵਿਕਾਸ ਪਹੁੰਚਾਇਆ ਹੈ। ਮੈਂ ਕਾਂਗਰਸ ਛੱਡ ਕੇ ਆਏ ਸਾਰੇ ਆਗੂਆਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਪਾਰਟੀ ਵਿੱਚ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਮਿਲੇਗਾ। ਆਓ ਸਾਰੇ ਮਿਲ ਕੇ ਹਰਮੀਤ ਸੰਧੂ ਨੂੰ ਵੱਡੀ ਲੀਡ ਨਾਲ ਜਿਤਾਈਏ।
ਡਾ. ਐਸ. ਐਸ. ਆਹਲੂਵਾਲੀਆ ਨੇ ਕਿਹਾ ਕਿ ‘ਆਪ’ ਸਰਕਾਰ ਕੰਮ ਦੀ ਰਾਜਨੀਤੀ ਕਰ ਰਹੀ ਹੈ, ਜਦਕਿ ਵਿਰੋਧੀ ਧਿਰਾਂ ਕੋਲ ਕੋਈ ਮੁੱਦਾ ਨਹੀਂ ਹੈ। ਕਾਂਗਰਸ ਛੱਡ ਕੇ ਆਏ ਆਗੂਆਂ ਦਾ ਇਹ ਫੈਸਲਾ ਦਰਸਾਉਂਦਾ ਹੈ ਕਿ ਲੋਕ ਹੁਣ ਵਿਕਾਸ ਚਾਹੁੰਦੇ ਹਨ। ਹਰਮੀਤ ਸਿੰਘ ਸੰਧੂ ਇੱਕ ਪੜ੍ਹੇ-ਲਿਖੇ ਅਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਖੜ੍ਹਨ ਵਾਲੇ ਉਮੀਦਵਾਰ ਹਨ। ਉਨ੍ਹਾਂ ਦੀ ਜਿੱਤ ਹੀ ਤਰਨਤਾਰਨ ਦੇ ਵਿਕਾਸ ਦੀ ਗਾਰੰਟੀ ਬਣੇਗੀ।
ਸ਼ਾਮਲ ਹੋਏ ਸਾਰੇ ਆਗੂਆਂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿਵਾਇਆ ਕਿ ਉਹ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਜਿੱਤ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ।




