ਚੰਡੀਗੜ੍ਹ, 29 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਪੰਜਾਬੀ ਗਾਇਕ ਅਤੇ ਫਿਲਮ ਅਦਾਕਾਰ ਦਿਲਜੀਤ ਦੋਸਾਂਝ ਨੂੰ ਖਾਲਿਸਤਾਨੀ ਪੱਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਧਮਕੀ ਦੇਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ, ਦਿਲਜੀਤ ਨੇ ‘ਕੌਣ ਬਣੇਗਾ ਕਰੋੜਪਤੀ’ ਸ਼ੋਅ ‘ਤੇ ਅਮਿਤਾਭ ਬੱਚਨ ਦੇ ਪੈਰਾਂ ਨੂੰ ਹੱਥ ਲਾਇਆ ਸੀ। ਜਿਸ ਨੂੰ ਲੈ ਕੇ ਪੰਨੂ ਵੱਲੋਂ ਧਮਕੀ ਦਿੱਤੀ ਗਈ ਹੈ।
ਦੱਸ ਦਈਏ ਕਿ ਇਹ ਐਪੀਸੋਡ ਅਜੇ ਪ੍ਰਸਾਰਿਤ ਨਹੀਂ ਕੀਤੇ ਗਿਆ ਹੈ ਜੋ ਕਿ 31 ਅਕਤੂਬਰ ਨੂੰ ਪ੍ਰਸਾਰਿਤ ਕੀਤਾ ਜਾਵੇਗਾ। ਹਾਲਾਂਕਿ ਇਸ ਦਾ ਪ੍ਰੋਮੋ ਸਾਹਮਣੇ ਆਇਆ ਸੀ, ਜਿਸ ‘ਚ ਦਿਲਜੀਤ ਅਮਿਤਾਭ ਬੱਚਨ ਦੇ ਪੈਰ ਛੂਹਦੇ ਦਿਖਾਈ ਦੇ ਰਹੇ ਹਨ। ਪੰਨੂ ਨੇ ਕਈ ਲੋਕਾਂ ਅਤੇ ਪੱਤਰਕਾਰਾਂ ਨੂੰ ਵੌਇਸ ਕਾਲਾਂ ਕੀਤੀਆਂ ਹਨ, ਦਿਲਜੀਤ ਨੂੰ ਧਮਕੀਆਂ ਦਿੱਤੀਆਂ ਹਨ। ਉਨ੍ਹਾਂ ਦੀ ਗੱਲਬਾਤ ਦਾ ਵੇਰਵਾ ਅਜੇ ਪਤਾ ਨਹੀਂ ਹੈ।




