SGPC ਪ੍ਰਧਾਨ ਦੀ ਅਗਵਾਈ ’ਚ ਵਫ਼ਦ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਨਾਲ ਕੀਤੀ ਮੁਲਾਕਾਤ

ਪੰਜਾਬ
  • 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ 15 ਨਵੰਬਰ ਨੂੰ ਮਟਨ ਕਸ਼ਮੀਰ ਤੋਂ ਸ਼ੁਰੂ ਹੋਵੇਗਾ ਨਗਰ ਕੀਰਤਨ- ਐਡਵੋਕੇਟ ਧਾਮੀ

ਅੰਮ੍ਰਿਤਸਰ, 29 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਅੱਜ ਇਕ ਉੱਚ ਪੱਧਰੀ ਵਫ਼ਦ ਨੇ ਜੰਮੂ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨਾਲ ਮੁਲਕਾਤ ਕੀਤੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਸਾਕੇ ਦੀ 350 ਸਾਲਾ ਸ਼ਤਾਬਦੀ ਦੇ ਸਬੰਧ ਵਿਚ ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਮਟਨ ਕਸ਼ਮੀਰ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਤਰੀਕ ਅਤੇ ਪ੍ਰਬੰਧਾਂ ਨੂੰ ਲੈ ਕੇ ਹੋਈ ਇਸ ਬੈਠਕ ਵਿਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਬੀਬੀ ਹਰਜਿੰਦਰ ਕੌਰ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਖੁਸ਼ਵਿੰਦਰ ਸਿੰਘ ਭਾਟੀਆ, ਓਐਸਡੀ ਸਤਬੀਰ ਸਿੰਘ ਧਾਮੀ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਮਹੰਤ ਮਨਜੀਤ ਸਿੰਘ ਮੁਖੀ ਸ਼੍ਰੋਮਣੀ ਡੇਰਾ ਨੰਗਲੀ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਜੰਮੂ ਕਸ਼ਮੀਰ ਦੇ ਸਿੱਖ ਆਗੂ ਸ਼ਾਮਲ ਹੋਏ।

ਇਸ ਮੁਲਾਕਾਤ ਦੇ ਵੇਰਵੇ ਸਾਂਝੇ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਮੁਲਾਕਾਤ ਦਾ ਮੁੱਖ ਮੰਤਵ ਮਟਨ ਤੋਂ ਸਜਾਏ ਜਾਣ ਵਾਲੇ ਨਗਰ ਕੀਰਤਨ ਦੀ ਤਰੀਕ ਅਤੇ ਪ੍ਰਬੰਧਾਂ ਸਬੰਧੀ ਗੱਲਬਾਤ ਕਰਨਾ ਸੀ। ਬਣੀ ਰਾਇ ਅਨੁਸਾਰ ਇਹ ਨਗਰ ਕੀਰਤਨ 15 ਨਵੰਬਰ ਨੂੰ ਸ਼ੁਰੂ ਹੋਵੇਗਾ ਅਤੇ ਲੈਫ਼ਟੀਨੈਂਟ ਗਵਰਨਰ 16 ਨਵੰਬਰ ਨੂੰ ਜੰਮੂ ਵਿਖੇ ਇਸ ਵਿਚ ਆਪ ਸ਼ਾਮਲ ਹੋਣਗੇ। ਇਸ ਤੋਂ ਪਹਿਲਾਂ 14 ਨਵੰਬਰ ਦੀ ਰਾਤ ਨੂੰ ਗੁਰਦੁਆਰਾ ਸ਼ਹੀਦ ਬੁੰਗਾ ਵਿਖੇ ਗੁਰਮਤਿ ਸਮਾਗਮ ਕਰਵਾਇਆ ਜਾਵੇਗਾ।

ਐਡਵੋਕੇਟ ਧਾਮੀ ਨੇ ਦੱਸਿਆ ਕਿ ਗਵਰਨਰ ਸ੍ਰੀ ਮਨੋਜ ਸਿਨਹਾ ਨਾਲ ਮੁਲਾਕਾਤ ਮੌਕੇ ਉਨ੍ਹਾਂ ਨੇ ਨਗਰ ਕੀਰਤਨ ਲਈ ਸੁਰੱਖਿਆ ਅਤੇ ਟੈ੍ਰਫਿਕ ਦੇ ਪੁਖਤਾ ਪ੍ਰਬੰਧ ਕਰਨ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਸ਼ਤਾਬਦੀ ਸਮਾਗਮਾਂ ਵਿਚ ਸ੍ਰੀ ਅਨੰਦਪੁਰ ਸਾਹਿਬ ਪਹੁੰਚਣ ਦੀ ਹਾਮੀ ਵੀ ਭਰੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਵੀ ਦੱਸਿਆ ਲੈਫ਼ਟੀਨੈਂਟ ਗਵਰਨਰ ਨਾਲ ਸਰਕਾਰੀ ਕੈਲੰਡਰ ਦੀਆਂ ਤਾਰੀਕਾਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਨਾਨਕਸ਼ਾਹੀ ਕੈਲੰਡਰ ਅਨੁਸਾਰ ਕਰਨ ਸਬੰਧੀ ਵੀ ਗੱਲ ਕੀਤੀ ਗਈ ਹੈ, ਜਿਸ ਦੇ ਉਨ੍ਹਾਂ ਨੇ ਸਹਿਮਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਅਤੇ ਸਮਾਗਮ ਜੰਮੂ ਕਸ਼ਮੀਰ ਦੀਆਂ ਸਮੂਹ ਜ਼ਿਲ੍ਹਾ ਗੁਰਦੁਆਰਾ ਕਮੇਟੀਆਂ, ਸਥਾਨਕ ਸਿੱਖ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ ਹੋਣਗੇ। ਉਨ੍ਹਾਂ ਜੰਮੂ ਕਸ਼ਮੀਰ ਦੀਆਂ ਸਮੂਹ ਕਮੇਟੀਆਂ ਅਤੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਸਾਹਿਬ ਨੂੰ ਸਮਰਪਿਤ ਹੁੰਦਿਆਂ ਇਸ ਇਤਿਹਾਸਕ ਮੌਕੇ ’ਤੇ ਵੱਧ ਤੋਂ ਵੱਧ ਹਾਜ਼ਰੀ ਭਰਨ।

ਲੈਫਟੀਨੈਂਟ ਗਵਰਨਰ ਨੂੰ ਮਿਲਣ ਮੌਕੇ ਸਮੂਹ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਸ. ਅਜੀਤ ਸਿੰਘ, ਜਿਲ੍ਹਾ ਗੁਰਦੁਆਰਾ ਕਮੇਟੀ ਸ਼੍ਰੀਨਗਰ ਦੇ ਜਰਨਲ ਸਕੱਤਰ ਸ. ਗੁਰਮੀਤ ਸਿੰਘ, ਸਿੱਖ ਮਿਸ਼ਨ ਜੰਮੂ ਕਸ਼ਮੀਰ ਦੇ ਇੰਚਾਰਜ ਸ. ਹਰਭਿੰਦਰ ਸਿੰਘ, ਕੋਆਰਡੀਨੇਟਰ ਭਾਈ ਜਗਤਾਰ ਸਿੰਘ, ਸ. ਨਾਨਕ ਸਿੰਘ ਪ੍ਰਧਾਨ, ਸ. ਜਰਨੈਲ ਸਿੰਘ ਸਕੱਤਰ ਤੇ ਸ. ਜੋਗਿੰਦਰ ਸਿੰਘ ਅਕਾਊਂਟੈਂਟ ਜ਼ਿਲ੍ਹਾ ਗੁਰਦੁਆਰਾ ਕਮੇਟੀ ਅਨੰਦਨਾਗ, ਸ. ਦਰਬਾਰੀ ਸਿੰਘ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਕਮੇਟੀ ਕੁਲਗਾਮ, ਪ੍ਰੋ. ਹਰਦਿਆਲ ਸਿੰਘ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਕਮੇਟੀ ਰਾਜੌਰੀ, ਐਡਵੋਕੇਟ ਬਿਕਰਮਦੀਪ ਸਿੰਘ ਤੇ ਸ. ਸੁਰਿੰਦਰ ਸਿੰਘ ਚੰਨੀ ਕਾਨੂੰਨੀ ਸਲਾਹਕਾਰ ਆਲ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ, ਸ. ਕੁਲਦੀਪ ਸਿੰਘ ਸੋਢੀ ਪ੍ਰਧਾਨ ਸਿੱਖ ਸਿਖਆਲਿਆ ਸਭਾ ਕਸ਼ਮੀਰ, ਸ. ਹਰਜੀਤ ਸਿੰਘ ਸਲਾਹਕਾਰ ਆਲ ਜੰਮੂ ਕਸ਼ਮੀਰ ਸਿੱਖ ਕੋਰਡੀਨੇਸ਼ਨ ਕਮੇਟੀ, ਸ. ਕੁਲਵੰਤ ਸਿੰਘ ਪ੍ਰਧਾਨ ਤੇ ਸ. ਫਲੇਲ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਲਵਾਮਾ, ਸ. ਰਾਜਿੰਦਰ ਸਿੰਘ ਮੈਂਬਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਰਾਮੁੱਲਾਂ, ਸ. ਭੁਪਿੰਦਰ ਸਿੰਘ ਮੈਂਬਰ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀਨਗਰ, ਸ. ਜਗਮੋਹਨ ਸਿੰਘ ਵਜ਼ੀਰ ਮੈਂਬਰ ਆਲ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ, ਸ. ਜਸਪਾਲ ਸਿੰਘ ਪ੍ਰਧਾਨ ਜ਼ਿਲ੍ਹਾ ਗੁਰਦੁਆਰਾ ਪ੍ਰਬੰਧਕ ਕਮੇਟੀ ਓਦੈਪੁਰ, ਸ. ਸੁਖਦੇਵ ਸਿੰਘ ਚੀਫ ਕੋਆਰਡੀਨੇਟਰ, ਭਾਈ ਬਲਵੰਤ ਸਿੰਘ ਇੰਚਾਰਜ, ਸ. ਪਰਮਜੀਤ ਸਿੰਘ ਸਲਾਹਕਾਰ, ਸ. ਬੈਂਤ ਸਿੰਘ ਮੀਡੀਆ ਸਲਾਹਕਾਰ ਤੇ ਸ. ਓਂਕਾਰ ਸਿੰਘ ਮੈਂਬਰ ਆਲ ਜੰਮੂ ਕਸ਼ਮੀਰ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਹੋਰ ਮੌਜੂਦ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।