ਮੋਹਾਲੀ, 31 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਦੇ ਸੈਕਟਰ 68 ਵਿੱਚ ਕੰਪਨੀਆਂ ਵੱਲੋਂ ਮਾਲ ਦੀ ਕੀਤੀ ਜਾ ਰਹੀ ਉਸਾਰੀ ਕਰਕੇ ਸੜਕ ਬੰਦ ਕੀਤੀ ਹੋਈ ਹੈ। ਕੰਪਨੀਆਂ ਵੱਲੋਂ ਕੰਮ ਦੌਰਾਨ ਸੜਕ ਬੰਦ ਕਰਨ ਕਰਕੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਵਾਰਡ 29 ਦੀ ਮਿਊਸ਼ਪਲ ਕੌਂਸਲਰ (MC) ਪਰਵਿੰਦਰ ਕੌਰ ਵੱਲੋਂ ਕਮਿਸ਼ਨਰ, ਨਗਰ ਨਿਗਮ ਨੂੰ ਸ਼ਿਕਾਇਤ ਕੀਤੀ ਗਈ ਹੈ। ਸਮਾਜ ਸੇਵੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਰਸਤਾ ਬੰਦ ਹੋਣ ਕਾਰਨ ਲੋਕ ਖੱਜਲ ਖੁਆਰ ਹੋ ਰਹੇ ਹਨ। ਐਮਸੀ ਪਰਵਿੰਦਰ ਕੌਰ ਵੱਲੋਂ ਕੀਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ Subash Mangat & company ਵੱਲੋਂ ਸੜਕ ਬੰਦ ਕੀਤੀ ਗਈ ਹੈ ਅਤੇ Medalion ਕੰਪਨੀ ਵੱਲੋਂ ਫੁੱਟਪਾਣ ਪੁੱਟ ਦਿੱਤੀ ਗਈ ਹੈ।
ਸ਼ਿਕਾਇਤ ਵਿੱਚ ਕਿਹਾ ਗਿਆ ਹੈ Subash mangat & company ਦੀ ਬੇਸਮੇਂਟ 9 ਜੂਨ 2025 ਨੂੰ ਡਿੱਗ ਗਈ ਸੀ। ਜਿਸ ਕਾਰਨ ਫੁੱਟਪਾਥ ਅਤੇ ਸੜਕ ਟੁੱਟ ਗਈ। ਇਸ ਕਰਕੇ ਰਸਤਾ ਬੰਦ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਵਾਰ ਵਾਰ ਕਹਿਣ ਉਤੇ ਵੀ ਇਸ ਕੰਪਨੀ ਵੱਲੋਂ ਅਜੇ ਤੱਕ ਰਸਤਾ ਬੰਦ ਕੀਤਾ ਹੋਇਆ ਹੈ। ਕੰਪਨੀ ਨੂੰ ਕਈ ਵਾਰ ਰਸਤਾ ਖੋਲ੍ਹਣ ਲਈ ਕਿਹਾ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ।
Medalion ਕੰਪਨੀ ਵਲੋਂ ਬਿਲਡਿੰਗ ਦੀ ਉਸਾਰੀ ਕੀਤੀ ਗਈ ਸੀ ਉਸ ਸਮੇਂ ਕੰਪਨੀ ਦੇ ਪਿਛਲੇ ਪਾਸੇ ਬਣਿਆ ਫੁੱਟਪਾਥ ਬੁਰੀ ਤਰ੍ਹਾਂ ਤੋੜ ਦਿੱਤਾ ਗਿਆ ਸੀ, ਪ੍ਰੰਤੂ ਅਜੇ ਤੱਕ ਨਹੀਂ ਬਣਾਇਆ ਗਿਆ।
ਕੌਂਸਲਰ ਨੇ ਕਮਿਸ਼ਨਰ ਤੋਂ ਮੰਗ ਕੀਤੀ ਕਿ ਕੰਪਨੀਆਂ ਉਤੇ ਕਾਰਵਾਈ ਕੀਤੀ ਜਾਵੇ ਅਤੇ ਬੰਦ ਕੀਤਾ ਹੋਇਆ ਰਸਤਾ ਖੁੱਲ੍ਹਵਾਇਆ ਜਾਵੇ।
ਕੁਲਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਤੋਂ ਰਸਤਾ ਬੰਦ ਹੋਣ ਕਾਰਨ ਲੋਕਾਂ ਨੂੰ ਘੁੰਮ ਕੇ ਆਉਣਾ ਪੈ ਰਿਹਾ ਹੈ। ਕੰਪਨੀਆਂ ਨੂੰ ਵਾਰ ਵਾਰ ਬੇਨਤੀ ਕੀਤੀ ਗਈ, ਪਰ ਕੰਪਨੀਆਂ ਇਸ ਸਮੱਸਿਆ ਦਾ ਹੱਲ ਕਰਨ ਲਈ ਤਿਆਰ ਨਹੀਂ ਹਨ।





