- ਪੁਰਾਣੀ ਪੈਨਸ਼ਨ ਲਈ ਸਰਕਾਰ ਗੰਭੀਰ, ਪੇਅ ਅਨਾਮਲੀ ਸਮੇਤ ਸਾਰੇ ਮਸਲੇ ਹੋਣਗੇ ਜਲਦੀ ਹੱਲ: ਵਿੱਤ ਮੰਤਰੀ
ਮੁਹਾਲੀ, 31 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਪੰਜਾਬ ਦੇ ਅਧਿਆਪਕਾਂ ਦੀ ਸਿਰਮੌਰ ਜੰਥੇਬੰਦੀ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨਾਲ ਅਹਿਮ ਮੀਟਿੰਗ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਅਧਿਆਪਕਾਂ ਦੇ ਹੱਕੀ ਮਸਲਿਆਂ ਨੂੰ ਪੂਰਾ ਕਰਨ ਲਈ ਗੰਭੀਰ ਹਨ। ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਇਹ ਮੀਟਿੰਗ ਜੰਥੇਬੰਦੀ ਦੇ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਦੀ ਪ੍ਰਧਾਨਗੀ ਹੇਠ ਹੋਈ। ਜਿੰਨ੍ਹਾਂ ਨਾਲ ਜੰਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਉਂਕਾਰ ਸਿੰਘ ਗੁਰਦਾਸਪੁਰ, ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਅਤੇ ਸੂਬਾ ਆਗੂ ਵਰਿੰਦਰ ਅਮਰ ਫਰੀਦਕੋਟ, ਸਤਿੰਦਰ ਸਿੰਘ ਤਰਨਤਾਰਨ ਤੇ ਮੱਖਣ ਸਿੰਘ ਮੌਜੂਦ ਸਨ।
ਉੱਚ ਪੱਧਰੀ ਮੀਟਿੰਗ ਕਰਦਿਆਂ ਸੂਬਾ ਆਗੂਆਂ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਪੁਰਾਣੀ ਪੈਨਸ਼ਨ ਦਾ ਸਰਕਾਰ ਵੱਲੋਂ ਕੀਤਾ ਨੋਟੀਫਿਕੇਸ਼ਨ ਤੁਰੰਤ ਲਾਗੂ ਕਰਕੇ ਮੁਲਾਜ਼ਮਾਂ ਦੇ ਜੀਪੀਐੱਫ ਖਾਤੇ ਖੋਲ੍ਹਣ ਦੀ ਮੰਗ ਕੀਤੀ। ਜਿਸ ਤੇ ਵਿੱਤ ਮੰਤਰੀ ਨੇ ਕਿਹਾ ਇਸ ਮੁੱਦੇ ਤੇ ਸਰਕਾਰ ਬਹੁਤ ਗੰਭੀਰ ਹੈ, ਉਨ੍ਹਾਂ ਜਲਦੀ ਹੀ ਇਸ ਦਾ ਹੱਲ ਕਰਨ ਬਾਰੇ ਯੂਨੀਅਨ ਨੂੰ ਵਿਸ਼ਵਾਸ਼ ਦਿੱਤਾ।
ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਪ੍ਰੀਸ਼ਦ ਤੋਂ ਸਿੱਖਿਆ ਵਿਭਾਗ ‘ਚ ਆਏ ਅਧਿਆਪਕਾਂ ਦੀ ਹਾਲੇ ਤੱਕ ਕਈ ਜ਼ਿਲ੍ਹਿਆਂ ਵਿੱਚ ਪੇਅ ਅਨਾਮਲੀ ਦੂਰ ਨਹੀਂ ਹੋਈ, ਜਿਸਦੇ ਤਹਿਤ ਪਹਿਲਾਂ ਵੀ ਬਹੁਤ ਮੀਟਿੰਗਾਂ ਵੀ ਹੋ ਚੁੱਕੀਆਂ ਹਨ। ਜਿਸ ਤੇ ਮੀਟਿੰਗ ਵਿੱਚ ਮੌਜੂਦ ਸਿੱਖਿਆ ਸਕੱਤਰ ਅਨਿੰਦਿਤਾ ਮਿੱਤਰਾ ਨੇ ਜੰਥੇਬੰਦੀ ਨੂੰ 7 ਨਵੰਬਰ ਨੂੰ ਸਿੱਖਿਆ ਭਵਨ ਮੁਹਾਲੀ ਵਿਖੇ ਮੀਟਿੰਗ ਲਈ ਸਮਾਂ ਦਿੰਦਿਆ ਕਿਹਾ ਕਿ ਇਸ ਦਿਨ ਵਿਭਾਗ ਦੇ ਸਬੰਧਿਤ ਅਧਿਕਾਰੀਆਂ ਨੂੰ ਬੁਲਾ ਕੇ ਅਨਾਮਲੀ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਇੰਨ੍ਹਾਂ ਤੋਂ ਇਲਾਵਾ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਮੁਲਾਜ਼ਮ ਵਰਗ ਵਿੱਚ ਆਪਣੇ ਪੇਂਡੂ ਭੱਤੇ, ਡੀ.ਏ., ਬਾਰਡਰ ਭੱਤਾ ਆਦਿ ਲਈ ਵੱਡਾ ਰੋਸ ਹੈ। ਉਨ੍ਹਾਂ ਮੁਲਾਜ਼ਮਾਂ ਦੇ ਭੱਤੇ ਜਾਰੀ ਕਰਨ ਦੀ ਜ਼ੋਰਦਾਰ ਮੰਗ ਕੀਤੀ। ਜਿਸ ਤੇ ਵਿੱਤ ਮੰਤਰੀ ਨੇ ਕਿਹਾ ਕਿ ਉਹ ਡੀਏ, ਪੇਂਡੂ ਭੱਤਾ ਅਤੇ ਹੋਰ ਭੱਤੇ ਜਲਦੀ ਹੀ ਰਿਲੀਜ਼ ਕਰ ਰਹੇ ਹਨ। ਇਸ ਮੀਟਿੰਗ ਤੋਂ ਬਾਅਦ ਪ੍ਰਤੀਕਰਮ ਦਿੰਦੇ ਹੋਏ ਸੂਬਾ ਸਰਪ੍ਰਸਤ ਰਣਜੀਤ ਸਿੰਘ ਬਾਠ ਨੇ ਦੱਸਿਆ ਕਿ ਸਾਨੂੰ ਆਸ ਹੈ ਕਿ ਵਿੱਤ ਮੰਤਰੀ ਅਤੇ ਪੰਜਾਬ ਸਰਕਾਰ ਜਲਦੀ ਹੀ ਸਾਡੀਆਂ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰੇਗੀ।
ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੁਲਾਜ਼ਮਾਂ ਨਾਲ ਲਾਰੇ-ਲੱਪੇ ਦੀ ਨੀਤੀ ਅਪਣਾਈ ਤਾਂ ਸਰਕਾਰ ਨੂੰ ਤਰਨਤਾਰਨ ਦੀ ਜ਼ਿਮਨੀ ਚੋਣ ਦੌਰਾਨ ਇੱਕ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸਬੰਧੀ ਉਨ੍ਹਾਂ ਇਸ਼ਾਰਾ ਕੀਤਾ ਕਿ ਜੇਕਰ ਸਰਕਾਰ ਨੇ ਇਸ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਸਾਡੀ ਜੰਥੇਬੰਦੀ ਦੇ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਨੇ ਪੰਜਾਬ ਦੀ ਧਰਤੀ ਤੇ ਇੱਕ ਤਕੜੇ ਸੰਘਰਸ਼ ਦੀ ਸਾਰੀ ਰੂਪ ਰੇਖਾ ਉਲੀਕ ਦਿੱਤੀ ਹੈ। ਜੰਥੇਬੰਦੀ ਨੇ 2 ਨਵੰਬਰ ਨੂੰ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋਂ ਤਰਨਤਾਰਨ ਵਿਖੇ ਕੀਤੇ ਜਾਣ ਵਾਲੇ ਝੰਡੇ ਮਾਰਚ ਵਿੱਚ ਵੀ ਆਪਣੀ ਪੂਰੀ ਹਮਾਇਤ ਦੇਣ ਦਾ ਐਲਾਨ ਕੀਤਾ।





