ਜਗਰਾਓਂ, 31 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਲੁਧਿਆਣਾ ਦੇ ਜਗਰਾਉਂ ਵਿੱਚ ਐਸਐਸਪੀ ਦਫ਼ਤਰ ਤੋਂ ਥੋੜ੍ਹੀ ਦੂਰੀ ‘ਤੇ ਇੱਕ ਕਬੱਡੀ ਖਿਡਾਰੀ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਸਥਾਨ ਤੋਂ ਜਗਰਾਉਂ ਐਸਐਸਪੀ ਦਫ਼ਤਰ ਸਿਰਫ 250 ਮੀਟਰ ਦੂਰ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਹਮਲਾਵਰ ਦੋ ਗੱਡੀਆਂ ‘ਚ ਆਏ ਸਨ, ਜਦੋਂ ਕਿ ਕਬੱਡੀ ਖਿਡਾਰੀ ਆਪਣੀ ਕਾਰ ਵਿੱਚ ਸੀ। ਸੜਕ ‘ਤੇ ਉਨ੍ਹਾਂ ਦੀਆਂ ਕਾਰਾਂ ਆਪਸ ‘ਚ ਟਕਰਾ ਗਈਆਂ ਸਨ ਜਿਸ ਕਾਰਨ ਉਨ੍ਹਾਂ ‘ਚ ਝਗੜਾ ਹੋ ਗਿਆ।
ਜਿਸ ਤੋਂ ਬਾਅਦ ਹਮਲਾਵਰਾਂ ਦੀਆਂ ਦੋਵਾਂ ਕਾਰਾਂ ਵਿੱਚੋਂ ਸੱਤ ਤੋਂ ਅੱਠ ਨੌਜਵਾਨ ਬਾਹਰ ਨਿਕਲੇ ਅਤੇ ਕਬੱਡੀ ਖਿਡਾਰੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਲਗਭਗ 20 ਮਿੰਟ ਤੱਕ ਉਸ ਨੂੰ ਕੁੱਟਦੇ ਰਹੇ ਅਤੇ ਬਾਅਦ ‘ਚ ਇੱਕ ਨੌਜਵਾਨ ਨੇ ਪਿਸਤੌਲ ਕੱਢੀ ਅਤੇ ਉਸਦੀ ਛਾਤੀ ਵਿੱਚ ਗੋਲੀ ਮਾਰ ਦਿੱਤੀ। ਫਿਰ ਉਹ ਸਾਰੇ ਜਣੇ ਮੌਕੇ ਤੋਂ ਭੱਜ ਗਏ।
ਖਿਡਾਰੀ ਦੀ ਪਛਾਣ 23 ਸਾਲਾ ਤੇਜਪਾਲ ਸਿੰਘ ਵਜੋਂ ਹੋਈ ਹੈ, ਜੋ ਕਿ ਗਿੱਦੜਵਿੰਡੀ ਦਾ ਰਹਿਣ ਵਾਲਾ ਹੈ। ਉਹ ਕਈ ਜ਼ਿਲ੍ਹਾ ਪੱਧਰੀ ਸਰਕਲ ਕਬੱਡੀ ਟੂਰਨਾਮੈਂਟਾਂ ਵਿੱਚ ਖੇਡ ਚੁੱਕਾ ਹੈ। ਪੁਲਿਸ ਦੇ ਅਨੁਸਾਰ, ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਉਨ੍ਹਾਂ ਦੀ ਕਬੱਡੀ ਖਿਡਾਰੀ ਨਾਲ ਪੁਰਾਣੀ ਦੁਸ਼ਮਣੀ ਸੀ।
ਜਗਰਾਉਂ ਦੇ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਦੋ ਮੁੰਡਿਆਂ, ਤੇਜਪਾਲ ਅਤੇ ਹਨੀ ਦਾ ਜਗਰਾਉਂ ਦੇ ਹਰੀ ਸਿੰਘ ਰੋਡ ‘ਤੇ ਦੁਪਹਿਰ 2:50 ਵਜੇ ਝਗੜਾ ਹੋ ਗਿਆ। ਤੇਜਪਾਲ ਨੂੰ ਗੋਲੀ ਮਾਰ ਦਿੱਤੀ ਗਈ ਅਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਾਮਲੇ ਨੂੰ ਸੁਲਝਾਉਣ ਲਈ ਟੀਮਾਂ ਬਣਾਈਆਂ ਗਈਆਂ ਹਨ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਟੀਮਾਂ ਰਵਾਨਾ ਹੋ ਗਈਆਂ ਹਨ। ਐਸਐਸਪੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਹੋ ਗਈ ਹੈ, ਜਿਨ੍ਹਾਂ ਵਿੱਚ ਹਨੀ ਓਮੀ ਅਤੇ ਕਾਲਾ ਓਮੀ ਸ਼ਾਮਲ ਹਨ। ਦੋਵੇਂ ਸਕੇ ਭਰਾ ਹਨ ਅਤੇ ਰੋਮੀ ਪਿੰਡ ਦੇ ਵਸਨੀਕ ਹਨ। ਸਾਡੀਆਂ ਟੀਮਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਰਵਾਨਾ ਹੋ ਗਈਆਂ ਹਨ।
ਅੰਕੁਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਲੰਬੇ ਸਮੇਂ ਤੋਂ ਦੁਸ਼ਮਣੀ ਸੀ। ਉਨ੍ਹਾਂ ਦੀ ਪਹਿਲਾਂ ਦੋ ਜਾਂ ਤਿੰਨ ਵਾਰ ਪਹਿਲਾਂ ਵੀ ਲੜਾਈ ਹੋ ਚੁੱਕੀ ਹੈ। ਪੁਲਿਸ ਨੂੰ ਪਹਿਲਾਂ ਕੋਈ ਸ਼ਿਕਾਇਤ ਨਹੀਂ ਮਿਲੀ ਸੀ। ਕਾਰ ਵਿੱਚ ਤਿੰਨ ਜਾਂ ਚਾਰ ਲੋਕ ਸਨ, ਜਿਨ੍ਹਾਂ ਵਿੱਚੋਂ ਇੱਕ ਗਗਨ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਕਤਲ ਵਾਲੀ ਥਾਂ ‘ਤੇ ਇੱਕ ਹਸਪਤਾਲ ਹੈ। ਹਸਪਤਾਲ ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪਰ ਜਦੋਂ ਪੁਲਿਸ ਸੀਸੀਟੀਵੀ ਫੁਟੇਜ ਚੈੱਕ ਕਰਨ ਗਈ ਤਾਂ ਪਤਾ ਲੱਗਾ ਕਿ ਹਸਪਤਾਲ ਦੇ ਕੈਮਰੇ ਬੰਦ ਸਨ।





