- 43 ਹਜ਼ਾਰ ਏਕੜ ਤੋਂ ਵੱਧ ਰਕਬੇ ‘ਤੇ ਸਾਲਾਨਾ 2 ਲੱਖ ਮੀਟਰਕ ਟਨ ਉਤਪਾਦਨ ਨਾਲ ਲਗਾਤਾਰ ਪ੍ਰਫੁੱਲਤ ਹੋ ਰਿਹੈ ਪੰਜਾਬ ਦਾ ਮੱਛੀ ਪਾਲਣ ਖੇਤਰ: ਗੁਰਮੀਤ ਸਿੰਘ ਖੁੱਡੀਆਂ*
- 42,353 ਮੀਟਰਕ ਟਨ ਦੇ ਉਤਪਾਦਨ ਨਾਲ ਰੋਹੂ ਮੱਛੀ ਦਾ ਪੰਜਾਬ ਦੇ ਕੁੱਲ ਉਤਪਾਦਨ ਵਿੱਚ 21.18 ਫ਼ੀਸਦ ਯੋਗਦਾਨ: ਮੱਛੀ ਪਾਲਣ ਮੰਤਰੀ
ਚੰਡੀਗੜ੍ਹ, 31 ਅਕਤੂਬਰ: ਦੇਸ਼ ਕਲਿੱਕ ਬਿਊਰੋ :
ਸੂਬੇ ਦੀ ਜਲ ਜੀਵ ਵਿਭਿੰਨਤਾ ਦੀ ਸਾਂਭ-ਸੰਭਾਲ ਅਤੇ ਇਸ ਨੂੰ ਉਤਸ਼ਾਹਤ ਕਰਨ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ ਰੋਹੂ (ਲਾਬਿਓ ਰੋਹਿਤਾ) ਨੂੰ ਪੰਜਾਬ ਦੀ ਰਾਜ ਮੱਛੀ ਘੋਸ਼ਿਤ ਕੀਤਾ ਹੈ।
ਸੂਬੇ ਦੇ ਅਮੀਰ ਜਲ ਜੀਵ ਸਰੋਤਾਂ ‘ਤੇ ਚਾਨਣਾ ਪਾਉਂਦਿਆਂ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਦਾ ਜਲ ਜੀਵ ਖੇਤਰ ਲਗਾਤਾਰ ਪ੍ਰਗਤੀ ਵੱਲ ਵੱਧ ਰਿਹਾ ਹੈ, ਜਿਸ ਵਿੱਚ ਮੱਛੀ ਪਾਲਣ ਅਧੀਨ 43,683 ਏਕੜ ਰਕਬਾ ਹੈ, ਜਿਸ ਤੋਂ ਸਾਲਾਨਾ 200,000 ਮੀਟ੍ਰਿਕ ਟਨ ਮੱਛੀ ਦੀ ਪੈਦਾਵਾਰ ਹੁੰਦੀ ਹੈ। ਇਸ ਪੈਦਾਵਾਰ ਵਿੱਚ ਰੋਹੂ ਮੱਛੀ ਦਾ ਅਹਿਮ ਯੋਗਦਾਨ ਸ਼ਾਮਲ ਹੈ, ਜੋ 42,353 ਮੀਟ੍ਰਿਕ ਟਨ (ਕੁੱਲ ਉਤਪਾਦਨ ਦਾ 21.18 ਫ਼ੀਸਦ) ਹੈ ਅਤੇ ਇਸ ਦੀ ਕੀਮਤ 160-200 ਰੁਪਏ ਪ੍ਰਤੀ ਕਿਲੋਗ੍ਰਾਮ ਹੁੰਦੀ ਹੈ। ਇਹ ਕੀਮਤੀ ਮੱਛੀ ਫਿਊਸੀਫਾਰਮ ਸਰੀਰ ਅਤੇ ਵੱਡੇ ਸਾਈਕਲੋਇਡ ਸਕੇਲ ਕਾਰਨ ਕੁਦਰਤੀ ਜਲ ਸਰੋਤਾਂ ਵਿੱਚ 45 ਕਿਲੋਗ੍ਰਾਮ ਤੱਕ ਵਧ ਸਕਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਰੋਹੂ ਮੱਛੀ ਪੌਸ਼ਟਿਕ ਤੱਤਾਂ ਜਿਵੇਂ ਪ੍ਰੋਟੀਨ, ਵਿਟਾਮਿਨ ਏ, ਬੀ ਅਤੇ ਡੀ, ਅਤੇ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੀ ਹੈ, ਜਿਸ ਕਾਰਨ ਇਸ ਨੂੰ ਨਾ ਸਿਰਫ਼ ਪੰਜਾਬ ਵਿੱਚ ਸਗੋਂ ਦੂਜੇ ਸੂਬਿਆਂ ਵਿੱਚ ਵੀ ਸੁਆਦੀ ਤੇ ਪੌਸ਼ਟਿਕ ਭੋਜਨ ਮੰਨਿਆ ਜਾਂਦਾ ਹੈ।
ਗੁਰਮੀਤ ਸਿੰਘ ਖੁੱਡੀਆਂ ਨੇ ਇਸ ਖੇਤਰ ਦੇ ਵਿਕਾਸ ਵਿੱਚ ਮੱਛੀ ਪਾਲਣ ਵਿਭਾਗ ਅਤੇ ਭਾਈਵਾਲਾਂ ਦੀ ਭੂਮਿਕਾ ਨੂੰ ਮਾਨਤਾ ਦਿੰਦਿਆਂ ਰੋਹੂ ਨੂੰ ਰਾਜ ਮੱਛੀ ਘੋਸ਼ਿਤ ਕਰਨ ‘ਤੇ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇੰਡੀਅਨ ਮੇਜਰ ਕਾਰਪਸ (ਆਈ.ਐਮ.ਸੀਜ਼)- ਰੋਹੂ, ਕਤਲਾ ਅਤੇ ਮ੍ਰਿਗਲ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ।
ਵਿਭਾਗ ਦੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਨੇ ਕਿਹਾ ਕਿ ਰੋਹੂ ਨੂੰ ਰਾਜ ਮੱਛੀ ਘੋਸ਼ਿਤ ਕਰਨ ਨਾਲ ਜਲ ਸਰੋਤਾਂ ਵਿੱਚ ਇਸ ਮੱਛੀ ਦੀ ਸੰਖਿਆ ਵਧਾਉਣ ਅਤੇ ਐਕੁਆਕਲਚਰ ਉਤਪਾਦਨ ਵਿੱਚ ਵਾਧਾ ਕਰਨ ਲਈ ਟੀਚਾਗਤ ਨੀਤੀਆਂ ਬਣਾਈਆਂ ਜਾਣਗੀਆਂ ਜਿਸ ਨਾਲ ਸੂਬੇ ਦੇ ਅਰਥਚਾਰੇ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਅੱਗੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਪੀ.ਐਮ.ਐਮ.ਐਸ.ਵਾਈ. ਸਕੀਮ ਤਹਿਤ ਵੱਡੇ ਪੱਧਰ ‘ਤੇ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਦਿਆਂ ਮੱਛੀ ਪਾਲਣ ਲਈ 637 ਲਾਭਪਾਤਰੀਆਂ ਨੂੰ ਸਵੈ-ਰੁਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ ਹਨ, ਜਿਸ ‘ਤੇ 30.63 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ਹੈ। ਇਸ ਪਹਿਲਕਦਮੀ ਦਾ ਉਦੇਸ਼ ਖੇਤੀਬਾੜੀ ਨਾਲ ਸਬੰਧਤ ਸੂਬੇ ਦੇ ਅਰਥਚਾਰੇ ਨੂੰ ਹੁਲਾਰਾ ਦੇਣਾ ਹੈ। ਇਸ ਮੌਕੇ ਮੱਛੀ ਪਾਲਣ ਵਿਭਾਗ ਦੇ ਡਾਇਰੈਕਟਰ ਸ੍ਰੀ ਗੁਰਪ੍ਰੀਤ ਸਿੰਘ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।





