ਦੋ ਨੌਜਵਾਨਾਂ ਦੀ ਮਾਰਕੁੱਟ ਕਰਨ ਦਾ ਮਾਮਲਾ: ਅੱਧੀ ਦਰਜਨ ਤੋਂ ਵੱਧ ਅਣਪਛਾਤਿਆਂ ‘ਤੇ ਹੋਇਆ ਪਰਚਾ

ਪੰਜਾਬ

ਮੋਰਿੰਡਾ 1 ਨਵੰਬਰ: ਭਟੋਆ

ਮੋਰਿੰਡਾ ਸਦਰ ਪੁਲਿਸ ਨੇ ਪਿੰਡ ਬੂਰਮਾਜਰਾ ਦੇ ਦੋ ਨੌਜਵਾਨਾਂ ਨਾਲ ਮੋਰਿੰਡਾ ਰੂਪਨਗਰ ਸੜਕ ਤੇ ਪਿੰਡ ਧਨੌਰੀ ਨੇੜੇ ਸਥਿਤ ਇੱਕ ਮੈਰਿਜ ਪੈਲਸ ਨੇੜੇ ਮਾਰਕੁੱਟ ਕਰਨ ਵਾਲੇ ਅੱਧੀ ਦਰਜਨ ਤੋਂ ਵੱਧ ਅਣਪਛਾਤੇ ਨੌਜਵਾਨਾਂ ਖਿਲਾਫ ਵੱਖ ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਕੈਲਾਸ਼ ਬਹਾਦਰ ਐਸਐਚਓ ਮੋਰਿੰਡਾ ਸਦਰ ਨੇ ਦੱਸਿਆ ਕਿ ਪਿੰਡ ਬੂਰਮਾਜਰਾ ਦੇ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਹਰਿੰਦਰ ਸਿੰਘ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਦੋਸਤ ਪਰਮਵੀਰ ਸਿੰਘ ਪੁੱਤਰ ਗੁਰਜੀਤ ਸਿੰਘ ਫੌਜੀ ਵਾਸੀ ਪਿੰਡ ਬੂਰਮਾਜਰਾ ਨਾਲ ਕਾਰ ਨੰਬਰ ਪੀਬੀ 12 ਐਚ 3393 ਰਾਹੀਂ ਮੋਰਿੰਡਾ ਦੇ ਇੱਕ ਹੋਟਲ ਵਿੱਚ ਲੱਗੇ ਆਪਣੇ ਦੋਸਤ ਨੂੰ ਮਿਲਣ ਲਈ ਮੋਰਿੰਡਾ ਸ਼ਹਿਰ ਆਏ ਸੀ, ਜਿਸ ਨੂੰ ਮਿਲਣ ਉਪਰੰਤ ਜਦੋਂ ਉਹ ਰਾਤੀ ਸਵਾ 9 ਵਜੇ ਦੇ ਕਰੀਬ ਮੋਰਿੰਡਾ ਰੂਪਨਗਰ ਸੜਕ ਵਾਇਆ ਕਾਈਨੌਰ ਰਾਹੀਂ ਵਾਪਸ ਆਪਣੇ ਪਿੰਡ ਬੂਰਮਾਜਰਾ ਜਾ ਰਹੇ ਸਨ, ਤਾਂ ਰਸਤੇ ਵਿੱਚ ਪਿੰਡ ਧਨੌਰੀ ਨੇੜੇ ਸਥਿਤ ਇੱਕ ਪੈਲਸ ਨੇੜੇ ਪਿੱਛੋਂ ਆਈਆਂ ਦੋ ਕਾਰਾਂ ਦੇ ਸਵਾਰਾਂ ਨੇ ਆਪਣੀਆਂ ਕਾਰਾਂ ਨਾਲ ਉਹਨਾਂ ਦੀ ਕਾਰ ਨੂੰ ਘੇਰ ਲਿਆ ਅਤੇ ਜਦੋਂ ਉਹ ਕਿਸੇ ਤਰੀਕੇ ਨਾਲ ਆਪਣੀ ਕਾਰ ਨੂੰ ਬੈਕ ਗੇਅਰ ਲਾ ਕੇ ਉਕਤ ਪੈਲਸ ਦੇ ਗੇਟ ਤੱਕ ਲੈ ਗਿਆ ਤਾਂ ਇਹਨਾਂ ਅਣਪਛਾਤੇ ਕਾਰ ਸਵਾਰਾਂ ਨੇ ਪੈਲਸ ਨੇੜੇ ਪਹੁੰਚ ਕੇ ਉਸਦੀ ਅਤੇ ਉਸਦੇ ਦੋਸਤ ਪਰਮਵੀਰ ਸਿੰਘ ਦੀ ਕੁੱਟਮਾਰ ਕਰ ਦਿੱਤੀ , ਜਿਸ ਸਬੰਧੀ ਸ਼ੋਰ ਮਚਾਉਣ ਤੇ ਲੋਕਾਂ ਦੇ ਇਕੱਠੇ ਹੋਣ ਉਪਰੰਤ ਇਹ ਅਣਪਛਾਤੇ ਕਾਰ ਸਵਾਰ ਉਨਾਂ ਦੋਨਾਂ ਦੇ ਮੋਬਾਇਲ ਫੋਨ ਲੈ ਕੇ ਭੱਜ ਨਿਕਲੇ।

ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਅਣਪਛਾਤੇ ਕਾਰ ਸਵਾਰਾਂ ਵੱਲੋਂ ਉਹਨਾਂ ਦੀ ਕਾਰ ਦੇ ਸ਼ੀਸ਼ੇ ਅਤੇ ਤਾਕੀਆਂ ਆਦਿ ਤੋੜ ਦਿੱਤੀਆਂ ਗਈਆਂ ,ਜਿਸ ਕਾਰਨ ਕਾਰ ਨੂੰ ਕਾਫੀ ਨੁਕਸਾਨ ਪਹੁੰਚਾਇਆ ਗਿਆ, ਜਦ ਕਿ ਉਹਨਾਂ ਦੇ ਸੱਟਾਂ ਲੱਗਣ ਕਾਰਨ ਉਸਦੇ ਭਰਾ ਰਜਿੰਦਰ ਸਿੰਘ ਵੱਲੋਂ ਉਹਨਾਂ ਦੋਨਾਂ ਨੂੰ ਜਖਮੀ ਹਾਲਤ ਵਿੱਚ ਸਰਕਾਰੀ ਸਿਵਲ ਹਸਪਤਾਲ ਮੋਰਿੰਡਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹਨ ।.ਹਰਪ੍ਰੀਤ ਸਿੰਘ ਨੇ ਪੁਲਿਸ ਤੋਂ ਮੰਗ ਕੀਤੀ ਕਿ ਇਹਨਾਂ ਅਣਪਛਾਤੇ ਕਾਰ ਚਾਲਕਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।

ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਦੇ ਬਿਆਨਾਂ ਦੇ ਅਧਾਰ ਤੇ 7 ਅਣਪਛਾਤੇ ਨੌਜਵਾਨਾਂ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।