- 2 ਨਵੰਬਰ ਨੂੰ ਵੀ ਜਾਰੀ ਰਹੇਗਾ ਦੋ ਦਿਨਾ ਕੈਂਪ
- ਕਿਹਾ, ਮਕਾਨ ਉਸਾਰੀ ਵਿਭਾਗ ਵੱਲੋਂ ਪ੍ਰਕਿਰਿਆ ਸਰਲ ਕਰਨ ਨਾਲ ਸੇਵਾਵਾਂ ਦੀ ਡਿਲੀਵਰੀ ਵਿੱਚ ਤੇਜ਼ੀ ਆਈ
ਚੰਡੀਗੜ੍ਹ/ਐਸ.ਏ.ਐਸ. ਨਗਰ, 1 ਨਵੰਬਰ: ਦੇਸ਼ ਕਲਿੱਕ ਬਿਊਰੋ :
ਆਮ ਜਨਤਾ, ਪ੍ਰਮੋਟਰਾਂ ਅਤੇ ਡਿਵੈਲਪਰਾਂ ਆਦਿ ਦੇ ਪੈਂਡਿੰਗ ਕੇਸਾਂ ਦੇ ਨਿਪਟਾਰੇ ਲਈ ਗਮਾਡਾ ਵੱਲੋਂ ਪੁੱਡਾ ਭਵਨ, ਐਸ.ਏ.ਐਸ. ਨਗਰ ਵਿਖੇ ਲਗਾਏ ਜਾ ਰਹੇ ਦੋ ਦਿਨਾ ਕੈਂਪ ਦੇ ਪਹਿਲੇ ਦਿਨ ਕੁੱਲ 864 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਰੇਕ ਖੇਤਰ ਅਤੇ ਵਰਗ ਦੀ ਭਲਾਈ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਇਸੇ ਦਿਸ਼ਾ ਵਿੱਚ ਕੰਮ ਕਰਦਿਆਂ ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ ਵੱਲੋਂ ਆਮ ਜਨਤਾ ਅਤੇ ਹੋਰ ਭਾਗੀਦਾਰਾਂ ਜਿਵੇਂ ਡਿਵੈਲਪਰਾਂ, ਪ੍ਰਮੋਟਰਾਂ ਆਦਿ ਦੇ ਲੰਬਿਤ ਪਏ ਕੇਸਾਂ ਦੇ ਨਿਪਟਾਰੇ ਲਈ ਇਹ ਦੋ ਦਿਨਾ ਕੈਂਪ ਉਲੀਕਿਆ ਗਿਆ ਹੈ।
ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਕੈਂਪ ਦੌਰਾਨ ਨਿਪਟਾਏ ਗਏ ਕੁੱਲ 864 ਕੇਸਾਂ ਵਿੱਚ ਸਿਟੀਜ਼ਨ ਸਰਵਿਸਿਜ਼ ਦੇ 618 ਕੇਸ, ਲੈਟਰ ਆਫ ਇੰਟੈਂਟ ਦੇ 4, ਪ੍ਰਮੋਟਰ ਲਾਇਸੈਂਸ ਰਿਨਿਊਲ ਦੇ 2, ਜ਼ੋਨਿੰਗ ਪਲਾਨ ਦੇ 2, ਪ੍ਰਾਜੈਕਟ ਲਾਇਸੈਂਸ/ਲੇਅ-ਆਊਟ ਪਲਾਟ ਦੇ 3, ਆਰਕੀਟੈਕਚਰਲ ਕੰਟਰੋਲ ਦੇ 2, ਅਸਟੇਟ ਏਜੰਟ ਸਰਟੀਫਿਕੇਟ ਦੇ 8, ਪ੍ਰਮੋਟਰ ਲਾਇਸੈਂਸ ਦੇ 7, ਬਿਲਡਿੰਗ ਪਲਾਨ ਦੇ 92, ਡਿਮਾਰਕੇਸ਼ਨ ਸਰਟੀਫੀਕੇਟ ਦੇ 11, ਡੀਪੀਸੀ ਦੇ 30, ਕੰਪਲੀਸ਼ਨ ਸਰਟੀਫਿਕੇਟ ਦੇ 84 ਅਤੇ ਕਨਵੇਅੰਸ ਡੀਡ ਦਾ 1 ਕੇਸ ਸ਼ਾਮਲ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਮਕਾਨ ਉਸਾਰੀ ਵਿਭਾਗ ਵੱਲੋਂ ਆਮ ਜਨਤਾ ਅਤੇ ਕਾਲੋਨਾਈਜ਼ਰਾਂ, ਪ੍ਰਮੋਟਰਾਂ ਅਤੇ ਡਿਵੈਲਪਰਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਸੇਵਾਵਾਂ ਦੀ ਪ੍ਰਕਿਰਿਆ ਨੂੰ ਸਰਲ ਕੀਤਾ ਗਿਆ ਹੈ, ਜਿਸ ਨਾਲ ਸੇਵਾਵਾਂ ਦੀ ਡਿਲੀਵਰੀ ਵਿੱਚ ਤੇਜ਼ੀ ਆਈ ਹੈ। ਉਨ੍ਹਾਂ ਕਿਹਾ ਕਿ ਵੱਖ-ਵੱਖ ਵਿਭਾਗਾਂ ਵਿੱਚ ਕੰਮਾਂ ਦਾ ਸਮੇਂ-ਸਿਰ ਅਤੇ ਭ੍ਰਿਸ਼ਟਾਚਾਰ ਰਹਿਤ ਤਰੀਕੇ ਨਾਲ ਨਿਪਟਾਰਾ ਕਰਨਾ ਪੰਜਾਬ ਸਰਕਾਰ ਦਾ ਉਦੇਸ਼ ਹੈ ਅਤੇ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਇਸ ਸਬੰਧੀ ਸਪੱਸ਼ਟ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਗਈਆਂ ਹਨ।
ਅੱਜ ਕੈਂਪ ਦੀ ਕਾਰਵਾਈ ਦੌਰਾਨ ਸ੍ਰੀ ਵਿਕਾਸ ਗਰਗ, ਪ੍ਰਮੁੱਖ ਸਕੱਤਰ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਸਬੰਧਤ ਵਿਅਕਤੀਆਂ ਅਤੇ ਕੰਪਨੀਆਂ ਨੂੰ ਬਿਲਡਿੰਗ ਪਲਾਨ, ਲੇਅ-ਆਊਟ ਪਲਾਨ, ਐਲ.ਓ.ਆਈ, ਅਸਟੇਟ ਏਜੰਟ ਅਤੇ ਪ੍ਰਮੋਟਰ ਰਜਿਸ਼ਟ੍ਰੇਸ਼ਨ ਦੇ ਸਰਟੀਕਿਫਕੇਟ ਸੌਂਪੇ ਗਏ ਜਦਕਿ ਮੈਡਮ ਸ਼ਾਕਸੀ ਸਾਹਨੀ, ਮੁੱਖ ਪ੍ਰਸ਼ਾਸਕ, ਗਮਾਡਾ ਨੇ ਕੈਂਪ ਵਿੱਚ ਆਈ ਜਨਤਾ ਦੀਆਂ ਵੱਖ-ਵੱਖ ਸ਼ਾਖਾਵਾਂ ਵਿੱਚ ਲੰਬਿਤ ਅਰਜ਼ੀਆਂ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕਰਦੇ ਹੋਏ ਮੌਕੇ ‘ਤੇ ਹੀ ਨਿਪਟਾਰਾ ਕਰਵਾਇਆ।
ਸ੍ਰੀ ਅਮਰਿੰਦਰ ਸਿੰਘ ਮੱਲ੍ਹੀ, ਵਧੀਕ ਮੁੱਖ ਪ੍ਰਸ਼ਾਸਕ, ਸ੍ਰੀ ਹਰਦੀਪ ਸਿੰਘ, ਅਸਟੇਟ ਅਫਸਰ (ਹਾਊਸਿੰਗ)-ਕਮ-ਭੌਂ ਪ੍ਰਾਪਤੀ ਕੂਲੈਕਟਰ, ਸ੍ਰੀ ਰਵਿੰਦਰ ਸਿੰਘ, ਅਸਟੇਟ ਅਫ਼ਸਰ (ਪਲਾਟ) ਅਤੇ ਹੋਰ ਅਧਿਕਾਰੀ ਕੈਂਪ ਵਿੱਚ ਮੌਜੂਦ ਰਹੇ।




