ਨਵੀਂ ਦਿੱਲੀ, 2 ਨਵੰਬਰ, ਦੇਸ਼ ਕਲਿੱਕ ਬਿਓਰੋ :
ਕੇਂਦਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਪੀਐਫ ਦੀ ਨਵੀਂ ਸਕੀਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਆ ਵੱਲੋਂ ਦਿੱਤੀ ਗਈ ਹੈ। ਕਰਮਚਾਰੀ ਭਵਿੱਖ ਨਿਧਿ ਸੰਗਠਨ (EPFO) ਦੇ 73ਵੇਂ ਸਥਾਪਨਾ ਦਿਵਸ ਪ੍ਰੋਗਰਾਮ ਮੌਕੇ ਕੇਂਦਰ ਨੇ ਕਰਮਚਾਰੀ ਨਾਮਾਂਕਨ ਯੋਜਨਾ 2025 (Employee Enrollment Scheme) ਲਾਂਚ ਕੀਤੀ ਹੈ। ਕੇਂਦਰੀ ਕਿਰਤ ਤੇ ਰੁਜ਼ਗਾਰ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਇਸ ਯੋਜਨਾ ਦਾ ਮਕਸਦ ਦੱਸਿਆ ਕਿ ਉਨ੍ਹਾਂ ਕਰਮਚਾਰੀਆਂ ਨੂੰ PF ਸਿਸਟਮ ਨਾਲ ਜੋੜਨਾ ਹੈ, ਜੋ ਹੁਣ ਤੱਕ ਕਿਸੇ ਨਾ ਕਿਸੇ ਕਾਰਨ ਇਸ ਦਾਇਰੇ ਤੋਂ ਬਾਹਰ ਰਹਿ ਗਏ ਹਨ। ਨਾਲ ਹੀ ਕੰਪਨੀਆਂ ਨੂੰ ਯੋਗ ਕਰਮਚਾਰੀਆਂ ਨੂੰ ਉਤਸ਼ਾਹਿਤ ਕਰਨਾ ਹੈ।
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਨੇ ਇਸ ਸਕੀਮ ਨੂੰ ਲਾਂਚ ਕਰਦੇ ਹੋਏ ਕਿਹਾ ਕਿ ਈਪੀਐਫਓ ਨੇ ਦੇਸ਼ ਵਿੱਚ ਸਮਾਜਿਕ ਸੁਰੱਖਿਆ ਦਾ ਦਾਇਰਾ ਵਧਾਉਣ ਵਿਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਇਹ ਕੇਵਲ ਇਕ ਫੰਡ ਨਹੀਂ, ਸਗੋਂ ਭਾਰਤੀ ਕਰਮਚਾਰੀਆਂ ਅਤੇ ਕਿਰਤੀਆਂ ਦੇ ਸਮਾਜਿਕ ਸੁਰੱਖਿਆ ਉਤੇ ਭਰੋਸੇ ਦਾ ਪ੍ਰਤੀਕ ਹੈ।
ਇਹ ਯੋਜਨਾ 1 ਨਵੰਬਰ 2025 ਤੋਂ ਲਾਗੂ ਕਰ ਦਿੱਤੀ ਗਈ ਹੈ। ਕੇਂਦਰ ਦਾ ਕਹਿਣਾ ਹੈ ਕਿ ਇਹ ਸਕੀਮ ਪੂਰੀ ਤਰ੍ਹਾਂ ਸਵੈਇੱਛਕ ਹੈ ਅਤੇ ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਖੁਦ ਹੀ ਇਸ ਨਾਲ ਜੋੜਨਾ ਹੋਵੇਗਾ।
ਇਸ ਸਕੀਮ ਦਾ ਲਾਭ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ ਜੋ 1 ਜੁਲਾਈ 2017 ਤੋਂ 31 ਅਕਤੂਬਰ 2025 ਵਿਚ ਕਿਸੇ ਕੰਪਨੀ ਨਾਲ ਜੁੜੇ, ਪ੍ਰੰਤੂ ਉਨ੍ਹਾਂ PF ਸਕੀਮ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਿਆ। ਇਹ ਸਕੀਮ ਉਨ੍ਹਾਂ ਕੰਪਨੀਆਂ ਜਾਂ ਸੰਸਥਾਵਾਂ ਉਤੇ ਵੀ ਲਾਗੂ ਹੋਵੇਗੀ ਜਿਨਾਂ ਉਤੇ EPF ਅਧਿਨਿਯਮ ਦੀ ਧਾਰਾ 7A, ਸਕੀਮ ਦੀ ਧਾਰਾ 26B ਜਾਂ ਪੈਨਸ਼ਨ ਸਕੀਮ ਦੀ ਧਾਰਾ 8 ਦੇ ਤਹਿਤ ਜਾਂਚ ਚਲ ਰਹੀ ਹੋਵੇ। EPFO ਪਹਿਲਾਂ ਹੀ ਸਪੱਸ਼ਟ ਕਰ ਚੁੱਕੀ ਹੈ ਕਿ ਜੋ ਕਰਮਚਾਰੀ ਪਹਿਲਾਂ ਕੰਪਨੀ ਛੱਡ ਚੁੱਕੇ ਹਨ, ਉਨ੍ਹਾਂ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।




