ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾਹ ਲਗਾਉਣ ਲਈ ਕੀਤਾ ਜਾ ਰਿਹਾ ਲਗਾਤਾਰ ਪ੍ਰੇਰਿਤ- ਰਾਕੇਸ਼ ਪ੍ਰਕਾਸ ਗਰਗ
ਪਿੰਡ ਸੰਗਾਲਾ, ਤੋਲੇਵਾਲ ,ਚੌਂਦਾ ਅਤੇ ਸਹਾਰਨਮਾਜਰਾ ਵਿਖੇ ਖੇਤਾਂ ‘ਚ ਲੱਗੀ ਅੱਗ ਸਹਾਇਕ ਕਮਿਸ਼ਨਰ ਨੇ ਖੁਦ ਬੁਝਾਈ
ਅਮਰਗੜ੍ਹ/ਮਾਲੇਰਕੋਟਲਾ 03 ਨਵੰਬਰ, ਦੇਸ਼ ਕਲਿੱਕ ਬਿਓਰੋ :
ਮਾਲੇਰਕੋਟਲਾ ਜ਼ਿਲ੍ਹੇ ਦੇ ਖੇਤਾਂ ਵਿੱਚ ਪਰਾਲੀ ਸਾੜਨੋ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਨੇ ਖੇਤਾਂ ਤੱਕ ਪਹੁੰਚ ਬਣਾਈ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਅਤੇ ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ,ਸਹਾਇਕ ਕਮਿਸ਼ਨਰ, ਐਸ.ਡੀ.ਐਮਜ਼, ਤਹਿਸੀਲਦਾਰਾਂ, ਬੀ.ਡੀ.ਪੀ.ਓਜ਼,ਖੇਤੀਬਾੜੀ ਅਫ਼ਸਰਾਂ ,ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਸਹਿਕਾਰਤਾ ਵਿਭਾਗ, ਪੰਜਾਬ ਫਾਇਰ ਸਰਵਿਸ, ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਆਦਿ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀਆਂ ਨੇ ਕਿਸਾਨਾਂ ਨਾਲ ਸਿੱਧਾ ਰਾਬਤਾ ਸਾਧਿਆ ਹੈ। ਸਹਾਇਕ ਕਮਿਸ਼ਨਰ ਰਾਕੇਸ਼ ਪ੍ਰਕਾਸ ਗਰਗ ਪਿੰਡ ਸੰਗਾਲਾ,ਰਟੌਲਾ,ਤੋਲੇਵਾਲ ,ਚੌਂਦਾ,ਲਾਗੜੀਆਂ, ਮੋਮਨਾਂਬਾਦ,ਕੁਲਾੜ,ਮੁਹੰਮਦਪੁਰਾ ਸਹਾਰਨਮਾਜਰਾ ਅਤੇ ਜਗੇੜਾ ਵਿਖੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਅੱਗਾਂ ਦੇ ਮਾੜੇ ਪ੍ਰਭਾਵਾਂ ਤੋਂ ਅਵਗਤ ਕਰਵਾਇਆ ਤਾਂ ਜੋ ਵਾਤਾਵਰਣ ਦੀ ਸਵੱਛਾ ਨੂੰ ਕਾਇਮ ਰੱਖਿਆ ਜਾ ਸਕੇ
ਜ਼ਿਲ੍ਹੇ ਵਿੱਚ ਬੇਲਰਾਂ ਤੇ ਪਰਾਲੀ ਨੂੰ ਖੇਤਾਂ ਵਿੱਚ ਮਿਲਾਉਣ ਤੇ ਐਕਸ ਸੀਟੂ ਤੇ ਇਨਸੀਟੂ ਤਕਨੀਕਾਂ ਨਾਲ ਪਰਾਲੀ ਨੂੰ ਠਿਕਾਣੇ ਲਗਾਉਣ ਦੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਇਸ ਲਈ ਕੋਈ ਵੀ ਕਿਸਾਨ ਅਗਲੀ ਫ਼ਸਲ ਬੀਜਣ ਲਈ ਕਾਹਲੀ ਵਿੱਚ ਖੇਤਾਂ ‘ਚ ਪਰਾਲੀ ਨੂੰ ਅੱਗ ਨਾ ਲਗਾਵੇ। ਉਨ੍ਹਾਂ ਕਿਹਾ ਕਿ ਜਿਹੜਾ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਏਗਾ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ।
ਜ਼ਿਲ੍ਹਾ ਅਧਿਕਾਰੀਆਂ ਵੱਲੋਂ ਕਿਸਾਨਾਂ ਨੂੰ ਪਰਾਲੀ ਤੇ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ। ਲਗਾਤਾਰ ਪ੍ਰਸਾਸ਼ਨਿਕ ਅਧਿਕਾਰੀਆਂ ਵਲੋਂ ਜ਼ਿਲ੍ਹੇ ਦੇ ਸਮੂਹ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਪਰਾਲੀ ਦੀ ਸਾਂਭ-ਸੰਭਾਲ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਕੇ ਖੇਤਾਂ ਵਿੱਚ ਅੱਗ ਨਾਹ ਲਗਾਉਣ ਲਈ ਪ੍ਰੇਰਿਤ ਕੀਤਾ।
ਸਹਾਇਕ ਕਮਿਸ਼ਨਰ ਰਾਕੇਸ਼ ਪ੍ਰਕਾਸ ਗਰਗ ਨੇ ਹਲਕੇ ਦੇ ਵੱਖ-ਵੱਖ ਪਿੰਡਾਂ ਵਿੱਚ ਖ਼ੁਦ ਜਾਕੇ ਅੱਗ ਨਾ ਲਗਾਉਣ ਬਾਰੇ ਕਿਸਾਨਾਂ ਨੂੰ ਜਾਗਰੂਕ ਕਰ ਰਹੀਆਂ ਟੀਮਾਂ ਦੀ ਅਗਵਾਈ ਕੀਤੀ ਅਤੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲੱਗਣ ਦੇ ਨੁਕਸਾਨਾਂ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਨੂੰ ਬਦਲਵੇਂ ਪ੍ਰਬੰਧ ਵੀ ਕਰਕੇ ਦੇ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਜ਼ਿਲ੍ਹੇ ਦੇ ਪਿੰਡ ਸੰਗਾਲਾ, ਤੋਲੇਵਾਲ ,ਚੌਂਦਾ ਅਤੇ ਸਹਾਰਨਮਾਜਰਾ ਵਿਖੇ ਅੱਗ ਬੁਝਾਈ ।




