ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਦਰਾਂ ਯਾਤਰੀਆਂ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਹੋ ਗਈਆਂ। ਰਾਜਸਥਾਨ ਦੇ ਫਲੋਦੀ ਵਿੱਚ ਬਾਪਿਨੀ ਸਬ-ਡਿਵੀਜ਼ਨ ਦੇ ਮਟੋਡਾ ਵਿੱਚ ਟੈਂਪੂ-ਟ੍ਰੈਵਲਰ ਖੜ੍ਹੇ ਟਰਾਲੇ ਨਾਲ ਟਕਰਾ ਗਈ।
ਜੈਪੁਰ, 3 ਨਵੰਬਰ, ਦੇਸ਼ ਕਲਿਕ ਬਿਊਰੋ :
ਇੱਕ ਭਿਆਨਕ ਸੜਕ ਹਾਦਸੇ ਵਿੱਚ ਪੰਦਰਾਂ ਯਾਤਰੀਆਂ ਦੀ ਮੌਤ ਹੋ ਗਈ ਅਤੇ ਦੋ ਔਰਤਾਂ ਜ਼ਖਮੀ ਹੋ ਗਈਆਂ। ਰਾਜਸਥਾਨ ਦੇ ਫਲੋਦੀ ਵਿੱਚ ਬਾਪਿਨੀ ਸਬ-ਡਿਵੀਜ਼ਨ ਦੇ ਮਟੋਡਾ ਵਿੱਚ ਟੈਂਪੂ-ਟ੍ਰੈਵਲਰ ਖੜ੍ਹੇ ਟਰਾਲੇ ਨਾਲ ਟਕਰਾ ਗਈ। ਹਾਦਸੇ ਵਿੱਚ ਘਟਨਾ ਸਥਾਨ ‘ਤੇ ਹਫੜਾ-ਦਫੜੀ ਮੱਚ ਗਈ। ਮ੍ਰਿਤਕਾਂ ਵਿੱਚ ਚਾਰ ਬੱਚੇ, ਡਰਾਈਵਰ ਅਤੇ ਦਸ ਔਰਤਾਂ ਸ਼ਾਮਲ ਸਨ।
ਰਿਪੋਰਟਾਂ ਅਨੁਸਾਰ, ਟੈਂਪੂ-ਟ੍ਰੈਵਲਰ ਵਿੱਚ ਸਵਾਰ ਲੋਕ ਧਾਰਮਿਕ ਸਮਾਗਮ ‘ਤੇ ਕਪਿਲ ਮੁਨੀ ਦੇ ਆਸ਼ਰਮ ਦੇ ਦਰਸ਼ਨ ਕਰਨ ਲਈ ਜੋਧਪੁਰ ਦੇ ਸੁਰਸਾਗਰ ਤੋਂ ਕੋਲਾਇਤ ਜਾ ਰਹੇ ਸਨ। ਇਹ ਹਾਦਸਾ ਮਟੋਡਾ ਥਾਣਾ ਖੇਤਰ ਵਿੱਚ ਵਾਪਰਿਆ। ਟੱਕਰ ਇੰਨੀ ਭਿਆਨਕ ਸੀ ਕਿ ਟੈਂਪੂ-ਟ੍ਰੈਵਲਰ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ।
ਮ੍ਰਿਤਕ ਇੱਕੋ ਮੁਹੱਲੇ ਦੇ ਸਨ। ਮਿਲੀ ਜਾਣਕਾਰੀ ਅਨੁਸਾਰ ਮੁਹੱਲੇ ਵਿੱਚ ਅੰਨਕੂਟ ਧਾਰਮਿਕ ਸਮਾਰੋਹ ਹੋਣ ਕਾਰਨ, ਬਹੁਤ ਸਾਰੀਆਂ ਔਰਤਾਂ ਨੇ ਤੀਰਥ ਯਾਤਰਾ ‘ਤੇ ਜਾਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਨ੍ਹਾਂ ਦੀ ਜਾਨ ਬਚ ਗਈ। ਹਾਦਸੇ ਵਿੱਚ ਮਰਨ ਵਾਲੀ ਸੱਜਣ ਕੰਵਰ ਨੂੰ ਉਸਦੇ ਪਤੀ ਓਮ ਪ੍ਰਕਾਸ਼ ਨੇ ਤੀਰਥ ਯਾਤਰਾ ‘ਤੇ ਜਾਣ ਤੋਂ ਮਨ੍ਹਾ ਕੀਤਾ ਸੀ, ਪਰ ਉਹ ਗਈ। ਉਸਦੇ ਪਰਿਵਾਰ ਦੇ ਛੇ ਮੈਂਬਰਾਂ ਦੀ ਵੀ ਉਸਦੇ ਨਾਲ ਮੌਤ ਹੋ ਗਈ।
ਪੁਲਿਸ ਅਫਸਰ ਅਮਨਾਰਮ ਨੇ ਕਿਹਾ, “ਇਹ ਹਾਦਸਾ ਭਾਰਤ ਮਾਲਾ ਹਾਈਵੇਅ ‘ਤੇ ਸ਼ਾਮ 6:30 ਵਜੇ ਦੇ ਕਰੀਬ ਵਾਪਰਿਆ। ਇੱਕ ਟੈਂਪੋ ਟਰੈਵਲਰ ਸੜਕ ‘ਤੇ ਖੜ੍ਹੇ ਇੱਕ ਟਰਾਲੇ ਨਾਲ ਪਿੱਛੇ ਤੋਂ ਟਕਰਾ ਗਿਆ। ਦੋ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਜੋਧਪੁਰ ਰੈਫਰ ਕਰ ਦਿੱਤਾ ਗਿਆ। ਸਾਰੀਆਂ ਲਾਸ਼ਾਂ ਨੂੰ ਓਸੀਅਨ ਦੇ ਸਰਕਾਰੀ ਹਸਪਤਾਲ ਤੋਂ ਜੋਧਪੁਰ ਭੇਜ ਦਿੱਤਾ ਗਿਆ।”




