ਚੰਡੀਗੜ੍ਹ, 4 ਨਵੰਬਰ: ਦੇਸ਼ ਕਲਿੱਕ ਬਿਊਰੋ:
ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਮੀਂਹ ਪੈ ਰਿਹਾ ਹੈ। ਇਸ ਤੋਂ ਬਿਨਾ ਕਈ ਥਾਈਂ ਗੜ੍ਹੇਮਾਰੀ ਹੋਣ ਦੀ ਵੀ ਖਬਰ ਸਾਹਮਣੇ ਆਈ ਹੈ। ਉੱਥੇ ਹੀ ਸੁਲਤਾਨਪੁਰ ਲੋਧੀ ਵਿਖੇ ਭਾਰੀ ਬਾਰਿਸ਼ ਦੀ ਖਬਰ ਹੈ। ਇਸ ਦੇ ਨਾਲ ਹੀ ਮਲੋਟ ਵਿਚ ਤੇਜ਼ ਹਵਾਵਾਂ ਨਾਲ ਭਾਰੀ ਬਾਰਸ਼ ਸ਼ੁਰੂ ਹੋਈ ਹੈ ਅਤੇ ਗੜ੍ਹੇਮਾਰੀ ਵੀ ਹੋ ਰਹੀ ਹੈ।
ਬਠਿੰਡਾ ਜ਼ਿਲ੍ਹੇ ‘ਚ ਵੀ ਮੀਂਹ ਪਿਆ ਹੈ ਅਤੇ ਨਾਲ ਹੀ ਜ਼ਿਲ੍ਹੇ ‘ਚ ਕਈ ਥਾਈਂ ਹਲਕੀ ਗੜ੍ਹੇਮਾਰੀ ਵੀ ਹੋਈ ਹੈ। ਬਠਿੰਡਾ ਵਿੱਚ ਅੱਜ ਦੇਰ ਸ਼ਾਮ ਅਚਾਨਕ ਹੋਈ ਗੜੇਮਾਰੀ ਅਤੇ ਮੀਹ ਪੈਣ ਨਾਲ ਮੌਸਮ ਵਿੱਚ ਠੰਢਕ ਪਰਤ ਆਈ। ਇਸ ਦੌਰਾਨ ਤਕਰੀਬਨ 10 ਮਿੰਟ ਲਈ ਕਾਫੀ ਤੇਜ਼ ਹਵਾਵਾਂ ਵੀ ਚੱਲੀਆਂ ਜਿਸ ਕਰਕੇ ਆਮ ਜਨ ਜੀਵਨ ਵਿੱਚ ਥੋੜੀ ਦੇਰ ਲਈ ਵਿਘਨ ਪਿਆ। ਉਂਝ ਰਾਹਤ ਵਾਲੀ ਇਹ ਗੱਲ ਹੈ ਕਿ ਇਸ ਨਾਲ ਅਸਮਾਨ ਵਿੱਚ ਚੜ੍ਹੀ ਧੂੜ ਅਤੇ ਧੂਏਂ ਦਾ ਗੁਬਾਰ ਖਤਮ ਹੋ ਗਿਆ। ਪਿਛਲੇ ਕਈ ਦਿਨਾਂ ਤੋਂ ਬਠਿੰਡਾ ਵਿੱਚ ਹੋਰਨਾਂ ਥਾਵਾਂ ਨਾਲੋਂ ਤਾਪਮਾਨ ਕਾਫੀ ਉੱਚਾ ਚੱਲ ਰਿਹਾ ਸੀ। ਬੀਤੇ ਕੱਲ ਤਾਂ ਤਾਪਮਾਨ 32 ਡਿਗਰੀ ਤੋਂ ਵੀ ਵੱਧ ਦਰਜ ਕੀਤਾ ਗਿਆ ਸੀ। ਅਚਾਨਕ ਪਏ ਮੀਹ ਕਾਰਨ ਮੰਡੀ ਵਿੱਚ ਪਿਆ ਝੋਨਾ ਭਿੱਜ ਗਿਆ ਕਿਉਂਕਿ ਇੰਨੀ ਜਲਦੀ ਪ੍ਰਬੰਧ ਕੀਤੇ ਜਾਣੇ ਵੀ ਕਾਫੀ ਮੁਸ਼ਕਿਲ ਸਨ। ਬਾਰਿਸ਼ ਨੇ ਕਿਸਾਨਾਂ ਅਤੇ ਅਧਿਕਾਰੀਆਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ ਜਿਸ ਕਰਕੇ ਫਸਲ ਭਿੱਜ ਗਈ ਹੈ।
ਪੰਜਾਬ ‘ਚ ਅੱਜ ਮੌਸਮ ਵਿਭਾਗ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਅੱਜ ਤੋਂ ਮੌਸਮ ਬਦਲਣ ਵਾਲਾ ਹੈ। ਇੱਕ ਪੱਛਮੀ ਗੜਬੜੀ ਸਰਗਰਮ ਰਹੇਗੀ, ਜਿਸ ਨਾਲ ਅੱਜ ਅਤੇ ਕੱਲ੍ਹ ਕਈ ਇਲਾਕਿਆਂ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ। ਪੱਛਮੀ ਗੜਬੜੀ ਦੇ ਕਾਰਨ 4 ਨਵੰਬਰ ਨੂੰ ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਕੁਝ ਜ਼ਿਲ੍ਹਿਆਂ ਵਿੱਚ ਅੱਜ ਬੱਦਲਵਾਈ ਹੋ ਸਕਦੀ ਹੈ। ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਜਦੋਂ ਕਿ 5 ਨਵੰਬਰ ਨੂੰ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੂਪਨਗਰ ਦੇ ਆਲੇ-ਦੁਆਲੇ ਇਲਾਕੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ।
ਹਾਲਾਂਕਿ ਲਗਪਗ ਪੂਰੇ ਪੰਜਾਬ ਦਾ ਹੀ ਮੌਸਮ ਬਦਲ ਰਿਹਾ ਹੈ ਨਾਲ ਹੀ ਠੰਡੀਆਂ ਹਵਾਵਾਂ ਵੀ ਚੱਲ ਰਹੀਆਂ ਹਨ ਅਤੇ ਕਈ ਥਾਈਂ ਹਵਾ ਦੀ ਗਤੀ ਜ਼ਿਆਦਾ ਵੀ ਹੈ। ਇਸ ਮੀਂਹ ਤੋਂ ਬਾਅਦ ਸੂਬੇ ਦੇ ਤਾਪਮਾਨ ‘ਚ ਗਿਰਾਵਟ ਹੋ ਸਕਦੀ ਹੈ ਅਤੇ ਠੰਡ ਜ਼ੋਰ ਫੜ ਸਕਦੀ ਹੈ। ਦਿਨ ਦਾ ਤਾਪਮਾਨ ਵੀ ਘਟੇਗਾ ਅਤੇ ਜਿਸ ਨਾਲ ਸਵੇਰੇ ਤੇ ਰਾਤ ਨੂੰ ਠੰਡ ਵਧੇਗੀ।




