ਛੱਤੀਸਗੜ੍ਹ, 4 ਨਵੰਬਰ: ਦੇਸ਼ ਕਲਿੱਕ ਬਿਊਰੋ :
ਛੱਤੀਸਗੜ੍ਹ ਦੇ ਬਿਲਾਸਪੁਰ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਰੇਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਹੈ। ਕੋਰਬਾ ਯਾਤਰੀ ਰੇਲਗੱਡੀ ਦੇ ਨਾਲ ਇੱਕ ਮਾਲ ਗੱਡੀ ਦੀ ਟੱਕਰ ਹੋ ਗਈ ਹੈ। ਇਸ ਹਾਦਸੇ ‘ਚ ਦਸ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ, ਪਰ ਇਸ ਬਾਰੇ ਅਧਿਕਾਰਿਤ ਤੌਰ ‘ਤੇ ਕੋਈ ਵੀ ਪੁਸ਼ਟੀ ਨਹੀਂ ਹੈ, ਜਦੋਂ ਕਿ ਇੱਕ ਦਰਜਨ ਤੋਂ ਵੱਧ ਯਾਤਰੀਆਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ। ਉੱਥੇ ਹੀ ਹਾਦਸੇ ‘ਚ ਗਿਣਤੀ ਵਧਣ ਦਾ ਖਦਸ਼ਾ ਵੀ ਹੈ। ਹਾਦਸੇ ‘ਚ ਕੁਲੈਕਟਰ ਸੰਜੇ ਅਗਰਵਾਲ ਨੇ ਚਾਰ ਯਾਤਰੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਜਦ ਕਿ ਰੇਲਵੇ ਪੀਆਰਓ ਨੇ ਕਿਹਾ ਹੈ ਕਿ ਅਜੇ ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ।
ਸੂਚਨਾ ਮਿਲਣ ‘ਤੇ ਰੇਲਵੇ ਅਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਮੌਕੇ ‘ਤੇ ਪਹੁੰਚੀਆਂ। ਬਚਾਅ ਕਾਰਜ ਇਸ ਸਮੇਂ ਜਾਰੀ ਹਨ। ਬਚਾਅ ਟੀਮਾਂ ਨੇ ਕਈ ਯਾਤਰੀਆਂ ਨੂੰ ਬਚਾਇਆ ਹੈ, ਜਦੋਂ ਕਿ ਗੰਭੀਰ ਜ਼ਖਮੀਆਂ ਦਾ ਰੇਲਗੱਡੀ ਦੇ ਅੰਦਰ ਇਲਾਜ ਕੀਤਾ ਜਾ ਰਿਹਾ ਹੈ। ਰੇਲਵੇ ਪ੍ਰਸ਼ਾਸਨ ਨੇ ਤੁਰੰਤ ਮੈਡੀਕਲ ਯੂਨਿਟਾਂ ਅਤੇ ਡਿਵੀਜ਼ਨਲ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਹੈ।
ਪੂਰੇ ਰੂਟ ‘ਤੇ ਰੇਲਗੱਡੀਆਂ ਦਾ ਸੰਚਾਲਨ ਰੋਕ ਦਿੱਤਾ ਗਿਆ ਹੈ। ਕਈ ਐਕਸਪ੍ਰੈਸ ਅਤੇ ਯਾਤਰੀ ਰੇਲਗੱਡੀਆਂ ਨੂੰ ਰੱਦ ਜਾਂ ਮੋੜ ਦਿੱਤਾ ਗਿਆ ਹੈ। ਪੁਲਿਸ ਸੁਪਰਡੈਂਟ (ਐਸਪੀ) ਰਜਨੀਸ਼ ਸਿੰਘ ਅਤੇ ਕੁਲੈਕਟਰ ਵੀ ਘਟਨਾ ਸਥਾਨ ‘ਤੇ ਪਹੁੰਚ ਗਏ ਹਨ।




