ਲੁਧਿਆਣਾ, 5 ਨਵੰਬਰ: ਦੇਸ਼ ਕਲਿੱਕ ਬਿਊਰੋ :
ਹਲਵਾਰਾ ਏਅਰਪੋਰਟ ‘ਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੱਲੋਂ ਖੁਦਕੁਸ਼ੀ ਕਰਨ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਬਲਜੀਤ ਸਿੰਘ (36) ਵਜੋਂ ਹੋਈ ਹੈ, ਉਹ ਹਲਵਾਰਾ ਹਵਾਈ ਅੱਡੇ ਦੀ ਸੁਰੱਖਿਆ ਵਿਚ ਤਾਇਨਾਤ ਸੀ। ਬਲਜੀਤ ਸਿੰਘ ਨੇ ਖੁਦਕੁਸ਼ੀ ਕਰਨ ਤੋਂ ਬਾਅਦ ਇੱਕ ਨੋਟ ਵੀ ਛੱਡਿਆ ਸੀ, ਜਿਸ ‘ਚ ਉਸ ਨੇ ਆਪਣੀ ਮੌਤ ਦਾ ਜ਼ਿੰਮੇਵਾਰ ਪਤਨੀ ਅਤੇ ਸੱਸ ਨੂੰ ਠਹਿਰਾਇਆ ਹੈ, ਜਿਸ ਦੇ ਅਧਾਰ ‘ਤੇ ਥਾਣਾ ਸੁਧਾਰ ਵਿਚ ਉਸ ਦੀ ਪਤਨੀ ਅਤੇ ਸੱਸ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ।
ਕਾਂਸਟੇਬਲ ਬਲਜੀਤ ਸਿੰਘ ਨੇ ਸੁਸਾਈਡ ਨੋਟ ਵਿਚ ਲਿਖਿਆ ਹੈ ਕਿ ਉਹ ਆਪਣੀ ਪਤਨੀ ਅਤੇ ਸੱਸ ਤੋਂ ਦੁਖੀ ਹੋ ਕੇ ਜੀਵਨ ਲੀਲਾ ਖਤਮ ਕਰ ਰਿਹਾ ਹੈ, ਕਿਉਂਕਿ ਉਸ ਦੀ ਪਤਨੀ ਦਲਜੀਤ ਕੌਰ ਪਿਛਲੇ ਚਾਰ ਸਾਲਾਂ ਤੋਂ ਉਨ੍ਹਾਂ ਦੇ ਇਕਲੌਤੇ ਪੁੱਤਰ ਅਰਪਨਜੋਤ ਸਿੰਘ ਸੰਧੂ ਨਾਲ ਪੇਕੇ ਘਰ ਰਹਿ ਰਹੀ ਹੈ ਅਤੇ ਉਹ ਪਿਛਲੇ ਚਾਰ ਸਾਲਾਂ ਵਿਚ ਕਈ ਵਾਰ ਆਪਣੇ ਪੁੱਤਰ ਅਰਪਨਜੋਤ ਸਿੰਘ ਸੰਧੂ ਨੂੰ ਇਕੱਲੇ ਅਤੇ ਕਈ ਵਾਰ ਰਿਸ਼ਤੇਦਾਰਾਂ ਨਾਲ ਮਿਲਣ ਗਿਆ ਸੀ ਪਰ ਉਸ ਨੂੰ ਕਦੇ ਮਿਲਣ ਨਹੀਂ ਦਿੱਤਾ ਗਿਆ। ਆਪਣੇ ਪੁੱਤਰ ਦੇ ਅਲੱਗ ਹੋਣ ਦੌਰਾਨ, ਉਹ ਸ਼ਰਾਬ ਅਤੇ ਹੋਰ ਨਸ਼ੇ ਕਰਨ ਲੱਗ ਪਿਆ। ਅੱਜ ਵੱਧ ਨਸ਼ਾ ਕਰਕੇ ਆਤਮ-ਹੱਤਿਆ ਕਰਨ ਜਾ ਰਿਹਾ ਹਾਂ।
ਐਸ. ਐਚ. ਓ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਕਾਂਸਟੇਬਲ ਬਲਜੀਤ ਸਿੰਘ ਦੀ ਮਾਤਾ ਚਰਨਜੀਤ ਕੌਰ ਪਿੰਡ ਬੰਡਾਲਾ ਨੌ ਬੰਬ ਤਹਿਸੀਲ ਜ਼ੀਰਾ (ਫਿਰੋਜ਼ਪੁਰ) ਦੇ ਬਿਆਨ ‘ਤੇ ਬਲਜੀਤ ਸਿੰਘ ਦੀ ਪਤਨੀ ਦਲਜੀਤ ਕੌਰ ਅਤੇ ਸੱਸ ਲਖਵਿੰਦਰ ਕੌਰ ਉਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਬਲਜੀਤ ਸਿੰਘ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਵੀਰਵਾਰ ਨੂੰ ਕੀਤਾ ਜਾਵੇਗਾ।




