- ਫੇਜ਼-7 ਵਿੱਚ ਰਾਤ 12:30 ਵਜੇ ਭਿਆਨਕ ਫਾਇਰਿੰਗ — ਕੋਠੀ ਨੰ: 945 ’ਤੇ ਚੱਲੀਆਂ ਲਗਭਗ 35 ਗੋਲੀਆਂ
- ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਮੰਗ — ਪੁਲਿਸ ਨਫਰੀ ਵਧਾਈ ਜਾਵੇ, ਰਾਤੀਂ ਗਸ਼ਤ ਤੇ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ
ਮੋਹਾਲੀ, 7 ਨਵੰਬਰ: ਦੇਸ਼ ਕਲਿੱਕ ਬਿਊਰੋ :
ਮੋਹਾਲੀ ਦੇ ਫੇਜ਼-7 ਵਿੱਚ ਅੱਜ ਰਾਤ ਭਿਆਨਕ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਕੋਠੀ ਨੰਬਰ 945 ਉੱਤੇ ਅਣਪਛਾਤੇ ਹਮਲਾਵਰਾਂ ਵੱਲੋਂ ਲਗਭਗ 35 ਗੋਲੀਆਂ ਚਲਾਈਆਂ ਗਈਆਂ। ਫਾਇਰਿੰਗ ਰਾਤ ਕਰੀਬ 12:30 ਵਜੇ ਹੋਈ ਅਤੇ ਇਸ ਦੌਰਾਨ ਘਰ ਸਮੇਤ ਨਜ਼ਦੀਕੀ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਘਬਰਾਹਟ ਅਤੇ ਡਰ ਦਾ ਮਾਹੌਲ ਪੈਦਾ ਹੋ ਗਿਆ। ਜਿਸ ਘਰ ’ਤੇ ਹਮਲਾ ਹੋਇਆ, ਉਹ ਮਨਿੰਦਰ ਸਿੰਘ ਸੋਢੀ ਦਾ ਹੈ, ਜੋ ਸਥਾਨਕ ਤੌਰ ’ਤੇ ਇੱਕ ਬਹੁਤ ਹੀ ਸ਼ਰੀਫ਼ ਤੇ ਸਨਮਾਨਯੋਗ ਪਰਿਵਾਰ ਮੰਨਿਆ ਜਾਂਦਾ ਹੈ।
ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਮੌਕੇ ’ਤੇ ਪਹੁੰਚੇ ਤੇ ਘਰ ਦੇ ਮੈਂਬਰਾਂ ਨਾਲ ਮਿਲ ਕੇ ਹਮਦਰਦੀ ਜਤਾਈ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਆਮ ਨਹੀਂ ਹੈ, ਬਲਕਿ ਮੋਹਾਲੀ ਵਰਗੇ ਸ਼ਾਂਤ ਸ਼ਹਿਰ ਲਈ ਇੱਕ ਵੱਡੀ ਚੁਣੌਤੀ ਹੈ। ਬੇਦੀ ਨੇ ਕਿਹਾ ਕਿ ਸੰਘਣੀ ਅਬਾਦੀ ਵਾਲੇ ਇਲਾਕੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਗੋਲੀਆਂ ਚਲਾਉਣਾ ਇਹ ਦਰਸਾਉਂਦਾ ਹੈ ਕਿ ਅਪਰਾਧਕ ਤੱਤ ਹੁਣ ਪੁਲਿਸ ਦੀ ਪਹੁੰਚ ਅਤੇ ਅਮਨ-ਕਾਨੂੰਨ ਦੋਹਾਂ ਨੂੰ ਚੁਣੌਤੀ ਦੇ ਰਹੇ ਹਨ।
ਉਨ੍ਹਾਂ ਕਿਹਾ, “ਸੋਢੀ ਪਰਿਵਾਰ ਬਹੁਤ ਹੀ ਸ਼ਰੀਫ਼ ਪਰਿਵਾਰ ਹੈ। ਇਸ ਘਰ ’ਤੇ ਹਮਲਾ ਹੋਣਾ ਤੇ ਇੰਨੀ ਗੋਲੀਆਂ ਚਲਾਉਣੀ ਬਹੁਤ ਮੰਦਭਾਗੀ ਗੱਲ ਹੈ। ਇਹ ਮਾਮਲਾ ਆਮ ਨਹੀਂ ਮੰਨਿਆ ਜਾ ਸਕਦਾ। ਸਰਕਾਰ ਨੂੰ ਚਾਹੀਦਾ ਹੈ ਕਿ ਮੋਹਾਲੀ ਵਿੱਚ ਰਾਤ ਦੀ ਗਸ਼ਤ ਵਧਾਈ ਜਾਵੇ, ਪੁਲਿਸ ਦੀ ਨਫਰੀ ਵਧਾਈ ਜਾਵੇ ਤੇ ਜਿੱਥੇ ਕੈਮਰੇ ਨਹੀਂ ਲੱਗੇ, ਉਥੇ ਤੁਰੰਤ ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣ। ਜਿਹੜੇ ਨਵੇਂ ਲੋਕ ਇਲਾਕਿਆਂ ਵਿੱਚ ਆ ਕੇ ਰਹਿੰਦੇ ਹਨ, ਉਨ੍ਹਾਂ ਦੀ ਵੀ ਪੁਲਿਸ ਵੱਲੋਂ ਪੂਰੀ ਤਸਦੀਕ ਹੋਣੀ ਚਾਹੀਦੀ ਹੈ ਤਾਂ ਜੋ ਐਸੀਆਂ ਘਟਨਾਵਾਂ ਤੋਂ ਪਹਿਲਾਂ ਹੀ ਰੋਕਥਾਮ ਕੀਤੀ ਜਾ ਸਕੇ।”
ਡਿਪਟੀ ਮੇਅਰ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਸਿਰਫ਼ ਘਟਨਾ ਦੀ ਜਾਂਚ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਸ਼ਹਿਰ ਦੇ ਹਰ ਇਲਾਕੇ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਾਅ ਲਈ ਲੰਬੇ ਸਮੇਂ ਦੀ ਯੋਜਨਾ ਤਿਆਰ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਹਾਲੀ ਦੀਆਂ ਗਲੀਆਂ ਅਤੇ ਮੁਹੱਲਿਆਂ ਵਿੱਚ ਰਾਤ ਦੀ ਗਸ਼ਤ ਮਜ਼ਬੂਤ ਹੋਣੀ ਚਾਹੀਦੀ ਹੈ ਅਤੇ ਨਵੇਂ ਰਿਹਾਇਸ਼ੀ ਇਲਾਕਿਆਂ ਦੀ ਮਾਨੀਟਰਿੰਗ ਵਧਾਈ ਜਾਵੇ।
ਉਨ੍ਹਾਂ ਕਿਹਾ ਕਿ, “ਜੇਕਰ ਅਸੀਂ ਹੁਣ ਸਖ਼ਤ ਕਦਮ ਨਹੀਂ ਚੁੱਕੇ ਤਾਂ ਮੋਹਾਲੀ ਵਿੱਚ ਲੋਕਾਂ ਦਾ ਭਰੋਸਾ ਹਿਲੇਗਾ, ਘਰਾਂ ਦੀ ਕੀਮਤਾਂ ਅਤੇ ਸ਼ਹਿਰ ਦੀ ਸ਼ਾਂਤੀ ਦੋਵੇਂ ਪ੍ਰਭਾਵਿਤ ਹੋਣਗੀਆਂ। ਮੋਹਾਲੀ ਵਾਸੀਆਂ ਨੂੰ ਸ਼ਾਂਤੀ ਅਤੇ ਸੁਰੱਖਿਆ ਦਾ ਪੂਰਾ ਭਰੋਸਾ ਮਿਲਣਾ ਚਾਹੀਦਾ ਹੈ।”
ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫੋਰੈਂਸਿਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਇਲਾਕੇ ਵਿੱਚ ਸਵੇਰੇ ਤੱਕ ਪੁਲਿਸ ਦੀ ਟੀਮ ਤਾਇਨਾਤ ਰਹੀ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਇਕੱਠੇ ਕੀਤੇ ਜਾ ਰਹੇ ਹਨ।
ਉਹਨਾਂ ਕਿਹਾ ਕਿ ਫਿਲਹਾਲ ਇਲਾਕੇ ਵਿੱਚ ਤਣਾਅ ਅਤੇ ਦਹਿਸ਼ਤ ਦਾ ਮਾਹੌਲ ਕਾਇਮ ਹੈ, ਜਦੋਂਕਿ ਮੋਹਾਲੀ ਨਿਵਾਸੀ ਸਰਕਾਰ ਅਤੇ ਪੁਲਿਸ ਤੋਂ ਤੁਰੰਤ ਅਤੇ ਠੋਸ ਕਾਰਵਾਈ ਦੀ ਉਮੀਦ ਕਰ ਰਹੇ ਹਨ।




