ਬਠਿੰਡਾ, 10 ਨਵੰਬਰ, ਦੇਸ਼ ਕਲਿਕ ਬਿਊਰੋ :
ਅਮਰੀਕਾ ਦੇ ਕੈਲੀਫ਼ੋਰਨੀਆ ਰਾਜ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਪੰਜਾਬੀ ਟਰੱਕ ਡਰਾਈਵਰ ਲਖਵਿੰਦਰ ਸਿੰਘ ਹੈਪੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਮਿਲੀ ਜਾਣਕਾਰੀ ਮੁਤਾਬਕ, ਮ੍ਰਿਤਕ ਲਖਵਿੰਦਰ ਸਿੰਘ (ਹੈਪੀ) ਪੁੱਤਰ ਬੂਟਾ ਸਿੰਘ, ਨਿਵਾਸੀ ਭਾਈਕਾ, ਲਗਭਗ 11 ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਲੀਫ਼ੋਰਨੀਆ ਗਿਆ ਸੀ। ਉਹ ਇੱਥੇ ਟਰਾਲਾ ਚਲਾ ਕੇ ਆਪਣੇ ਪਰਿਵਾਰ ਦੀ ਜ਼ਿੰਦਗੀ ਸੁਧਾਰਨ ਦਾ ਸੁਪਨਾ ਦੇਖ ਰਿਹਾ ਸੀ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਉਸ ਦੇ ਵੱਡੇ ਭਰਾ ਰਾਜਿੰਦਰਪਾਲ ਸਿੰਘ ਭਾਈਕਾ ਨੇ ਦੱਸਿਆ ਕਿ 5 ਨਵੰਬਰ ਨੂੰ ਕੈਲੀਫ਼ੋਰਨੀਆ ਵਿਚ ਰਹਿੰਦੀ ਉਨ੍ਹਾਂ ਦੀ ਮਾਸੀ ਜਸਵਿੰਦਰ ਕੌਰ ਨੇ ਫੋਨ ਕਰਕੇ ਖ਼ਬਰ ਦਿੱਤੀ ਕਿ ਲਖਵਿੰਦਰ ਰਾਤ 1:30 ਵਜੇ ਕੰਮ ਤੋਂ ਆ ਕੇ ਸੌ ਗਿਆ ਸੀ। ਸਵੇਰੇ ਜਦੋਂ ਉਸਨੂੰ ਜਗਾਇਆ ਗਿਆ, ਤਾਂ ਉਹ ਮ੍ਰਿਤਕ ਪਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਪੁਸ਼ਟੀ ਕੀਤੀ ਕਿ ਉਸਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਲਖਵਿੰਦਰ ਸਿੰਘ ਦੀ ਅਚਾਨਕ ਮੌਤ ਨਾਲ ਭਾਈਕਾ ਪਿੰਡ ਹੀ ਨਹੀਂ, ਸਗੋਂ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ ਹੈ।




