ਮੋਰਿੰਡਾ 13 ਨਵੰਬਰ: (ਭਟੋਆ)
ਮੋਰਿੰਡਾ ਚੰਡੀਗੜ੍ਹ ਸੜਕ ਤੇ ਸਥਿਤ ਪਿੰਡ ਮੜੌਲੀ ਕਲਾਂ ਕੋਲੋਂ ਗੁਜਰਦੇ ਬਾਈਪਾਸ ਤੇ ਇੱਕ ਹੌਂਡਾ ਸਿਟੀ ਕਾਰ ਚਾਲਕ ਵੱਲੋ ਮੋਰਿੰਡਾ ਦੇ ਇੱਕ ਸਾਬਕਾ ਫੌਜੀ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਗੰਭੀਰ ਰੂਪ ਵਿੱਚ ਜਖਮੀ ਹੋਏ ਸਾਬਕਾ ਫੌਜੀ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ। ਜਦਕਿ ਕਾਰ ਚਾਲਕ ਮੌਕੇ ਤੋ ਫਰਾਰ ਹੋਣ ਵਿਚ ਸਫਲ ਹੋ ਗਿਆ। ਜਿਸ ਸਬੰਧੀ ਮੋਰਿੰਡਾ ਸ਼ਹਿਰੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਦੋਸ਼ੀ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਗੁਰਮੁਖ ਸਿੰਘ ਐਸਐਚਓ ਮੋਰਿੰਡਾ ਸ਼ਹਿਰੀ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਵਾਰਡ ਨੰਬਰ 3, ਨੇੜੇ ਮਹਾਰਾਣਾ ਪ੍ਰਤਾਪ ਚੌਂਕ ਮੋਰਿੰਡਾ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਕਿ ਉਸਦੇ ਪਿਤਾ ਭਾਰਤੀ ਫੌਜ ਵਿੱਚੋਂ ਸੇਵਾ ਮੁਕਤ ਹੋਣ ਉਪਰੰਤ ਸਟੇਟ ਬੈਂਕ ਆਫ ਇੰਡੀਆ ਸੈਕਟਰ 68 ਦੀ ਬਰਾਂਚ ਵਿੱਚ ਬਤੌਰ ਸਿਕਿਉਰਟੀ ਗਾਰਡ ਕੰਮ ਕਰਦੇ ਸਨ। ਅਮਨਦੀਪ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ 6 ਨਵੰਬਰ ਨੂੰ ਉਸਦੇ ਪਿਤਾ ਇਵਨਿੰਗ ਡਿਊਟੀ ਲਈ ਆਪਣੇ ਮੋਟਰਸਾਈਕਲ ਨੰਬਰ ਪੀਬੀ – 87 ਏ – 2714 ਰਾਹੀਂ ਘਰ ਤੋਂ ਮੋਹਾਲੀ ਜਾਣ ਲਈ ਚੱਲੇ ਸਨ ਅਤੇ ਉਹ ਵੀ ਕਿਸੇ ਕੰਮ ਲਈ ਖਰੜ ਜਾਣ ਵਾਸਤੇ ਆਪਣੇ ਮੋਟਰਸਾਈਕਲ ਤੇ ਉਹਨਾਂ ਦੇ ਪਿੱਛੇ ਪਿੱਛੇ ਜਾ ਰਿਹਾ ਸੀ।
ਅਮਨਦੀਪ ਸਿੰਘ ਅਨੁਸਾਰ ਜਦੋਂ ਉਸਦੇ ਪਿਤਾ ਅਤੇ ਉਹ ਪਿੰਡ ਮੜੌਲੀ ਕਲਾਂ ਨੇੜੇ ਸਥਿਤ ਬਾਈਪਾਸ ਕੋਲ ਪਹੁੰਚੇ ਤਾਂ ਪਿੱਛੋਂ ਆਈ ਇੱਕ ਹੀਰੋ ਹੋਂਡਾ ਕਾਰ ਨੰਬਰ ਸੀਐਚ-04ਈ- 8721 ਨੇ ਉਸਦੇ ਪਿਤਾ ਦੇ ਮੋਟਰਸਾਈਕਲ ਨੂੰ ਪਿੱਛੋਂ ਟੱਕਰ ਮਾਰ ਦਿੱਤੀ , ਜਿਸ ਕਾਰਨ ਉਸ ਦੇ ਪਿਤਾ ਮੋਟਰਸਾਈਕਲ ਤੋਂ ਉੱਪਰ ਨੂੰ ਉਛਲ ਕੇ ਸਿਰ ਭਾਰ ਧਰਤੀ ਤੇ ਡਿੱਗ ਪਏ, ਜਿਸ ਕਾਰਨ ਉਹਨਾਂ ਦੇ ਸਿਰ ਅਤੇ ਸਰੀਰ ਤੇ ਕਾਫੀ ਸੱਟਾਂ ਵੱਜੀਆਂ ਅਤੇ ਉਹ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਅਮਨਦੀਪ ਸਿੰਘ ਅਨੁਸਾਰ ਕਾਰ ਚਾਲਕ ਨੇ ਮੌਕੇ ਤੇ ਆਪਣੀ ਕਾਰ ਨੂੰ ਰੋਕਿਆ ਜਿਸ ਦੌਰਾਨ ਉਸਨੇ ਉਪਰੋਕਤ ਕਾਰ ਦਾ ਨੰਬਰ ਪੜਿਆ, ਪ੍ਰੰਤੂ ਜਿਉਂ ਹੀ ਉਹ ਆਪਣੇ ਪਿਤਾ ਨੂੰ ਸੰਭਾਲਣ ਅਤੇ ਹਸਪਤਾਲ ਲਿਜਾਣ ਲਈ ਕਿਸੇ ਵਹੀਕਲ ਦਾ ਪ੍ਰਬੰਧ ਕਰਨ ਲੱਗਿਆ, ਤਾਂ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਪਿਤਾ ਨੂੰ ਗੰਭੀਰ ਹਾਲਤ ਵਿੱਚ ਪਹਿਲਾਂ ਸਰਕਾਰੀ ਸਿਵਲ ਹਸਪਤਾਲ ਖਰੜ ਵਿਖੇ ਲੈ ਕੇ ਗਿਆ, ਜਿੱਥੋਂ ਮੁਢਲੀ ਸਹਾਇਤਾ ਦੇਣ ਉਪਰੰਤ ਡਾਕਟਰਾਂ ਨੇ ਉਸ ਨੂੰ ਸਰਕਾਰੀ ਹਸਪਤਾਲ ਫੇਜ 6 ਮੋਹਾਲੀ ਵਿਚ ਰੈਫਰ ਕਰ ਦਿੱਤਾ ਪ੍ਰੰਤੂ ਉਥੇ ਵੀ ਉਸਦੇ ਪਿਤਾ ਦੀ ਹਾਲਤ ਨੂੰ ਗੰਭੀਰ ਮੰਨਦੇ ਹੋਏ ਉਹ ਆਪਣੇ ਪਿਤਾ ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਲੈ ਗਏ, ਪ੍ਰੰਤੂ ਇੱਥੇ ਕੋਈ ਵੀ ਵੈਂਟੀਲੇਟਰ ਖਾਲੀ ਨਾ ਹੋਣ ਕਾਰਨ ਉਹਨਾਂ ਨੇ ਆਪਣੇ ਪਿਤਾ ਨੂੰ ਈਡਨ ਕ੍ਰਿਟੀਕਲ ਕੇਅਰ ਹਸਪਤਾਲ ਇੰਡਸਟਰੀਅਲ ਏਰੀਆ, ਚੰਡੀਗੜ੍ਹ ਵਿਖੇ ਦਾਖਲ ਕਰਵਾ ਦਿੱਤਾ, ਜਿੱਥੇ ਉਸ ਦੇ ਪਿਤਾ ਦੀ ਇਲਾਜ ਦੌਰਾਨ ਮੌਤ ਹੋ ਗਈ।
ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਬਿਆਨ ਦੇ ਆਧਾਰ ਤੇ ਕਾਰ ਨੰਬਰ ਸੀਐਚ- 04ਈ- 8721 ਦੇ ਨਾਮਲੂਮ ਚਾਲਕ ਖਿਲਾਫ ਵੱਖ ਵੱਖ ਧਾਰਾਂਵਾ ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।




