- ਮੋਰਿੰਡਾ ਸਦਰ ਪੁਲੀਸ ਨੇ ਮਾਮਲਾ ਦਰਜ ਕਰ ਟਰੱਕ ਚਾਲਕ ਤੇ ਟਰੱਕ ਕੀਤਾ ਥਾਣੇ ਵਿੱਚ ਬੰਦ
ਮੋਰਿੰਡਾ, 14 ਨਵੰਬਰ: (ਭਟੋਆ)
ਮੋਰਿੰਡਾ ਸਦਰ ਪੁਲੀਸ ਨੇ ਮੋਰਿੰਡਾ ਕੁਰਾਲੀ ਸੜਕ ਤੇ ਸਥਿਤ ਪਿੰਡ ਢੰਗਰਾਲੀ ਨੇੜੇ ਇੱਕ ਫੈਕਟਰੀ ਸਾਹਮਣੇ ਇੱਕ ਟਰੱਕ ਵੱਲੋਂ ਐਕਟਵਾ ਸਕੂਟਰ ਚਾਲਕ ਨੂੰ ਆਪਣੀ ਲਪੇਟ ਵਿੱਚ ਲੈ ਕੇ ਦੋ ਟੋਟੇ ਕਰ ਦੇਣ ਸਬੰਧੀ ਟਰੱਕ ਚਾਲਕ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਕੈਲਾਸ਼ ਬਹਾਦਰ ਐਸਐਚਓ ਮੋਰਿੰਡਾ ਸਦਰ ਨੇ ਦੱਸਿਆ ਕਿ ਸਤਨਾਮ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਧਿਆਨਪੁਰਾ ਨੇ ਪੁਲਿਸ ਨੂੰ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਆਪਣੀ ਮਾਸੀ ਦੇ ਲੜਕੇ ਅਜੀਤ ਸਿੰਘ ਪੁੱਤਰ ਹਰਚੰਦ ਸਿੰਘ ਵਾਸੀ ਪਿੰਡ ਕੋਟਲਾ ਸੁਰਮੁੱਖ ਸਿੰਘ ਥਾਣਾ ਸ੍ਰੀ ਚਮਕੌਰ ਸਾਹਿਬ ਨਾਲ ਆਪਣੇ ਮੋਟਰਸਾਈਕਲ ਨੰਬਰ ਪੀਬੀ-12 ਡਬਲਿਊ- 8468 ਤੇ ਜਾ ਰਿਹਾ ਸੀ ਜਦ ਕਿ ਅਜੀਤ ਸਿੰਘ ਆਪਣੀ ਐਕਟਿਵਾ ਸਕੂਟਰ ਨੰਬਰ ਪੀਬੀ -71 ਏ – 2654 ਤੇ ਉਸ ਦੇ ਅੱਗੇ ਚੱਲ ਰਿਹਾ ਸੀ। ਸਤਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਜਦੋਂ ਉਹ ਪਿੰਡ ਢੰਗਰਾਲੀ ਨੇੜੇ ਸੜਕ ਤੇ ਸਥਿਤ ਇੱਕ ਫੈਕਟਰੀ ਅੱਗੇ ਪੁੱਜੇ ਤਾਂ ਪਿੱਛੋਂ ਕੁਰਾਲੀ ਵੱਲੋਂ ਆਏ ਇੱਕ ਟਰੱਕ ਨੰਬਰ ਆਰ ਜੇ- -02- ਜੀਸੀ-7201 ਨੇ ਅਜੀਤ ਸਿੰਘ ਦੀ ਸਕੂਟਰੀ ਨੂੰ ਟੱਕਰ ਮਾਰ ਕੇ ਅਜੀਤ ਸਿੰਘ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੌਰਾਨ ਟਰੱਕ ਦੇ ਕੰਡਕਟਰ ਸਾਈਡ ਵਾਲੇ ਦੋਨੋਂ ਟਾਇਰ ਅਜੀਤ ਸਿੰਘ ਦੇ ਉੱਪਰੋਂ ਲੰਘ ਗਏ ਅਤੇ ਅਜੀਤ ਸਿੰਘ ਟਰੱਕ ਦੇ ਟਾਇਰਾਂ ਵਿੱਚ ਫਸ ਗਿਆ ਅਤੇ ਟਰੱਕ ਲਗਭਗ 100 ਮੀਟਰ ਦੂਰੀ ਤੱਕ ਅਜੀਤ ਸਿੰਘ ਨੂੰ ਆਪਣੇ ਨਾਲ ਹੀ ਘੜੀਸ ਕਿ ਲੈ ਗਿਆ।
ਸਤਨਾਮ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਇਸ ਕਾਰਨ ਅਜੀਤ ਸਿੰਘ ਦੇ ਸਰੀਰ ਦੇ ਦੋ ਟੋਟੇ ਹੋ ਗਏ ਜਿਨਾਂ ਵਿੱਚੋਂ ਇੱਕ ਟੋਟਾ ਪਿੱਛੇ ਰਹਿ ਗਿਆ ਤੇ ਦੂਜਾ ਟੋਟਾ 100 ਮੀਟਰ ਦੂਰੀ ਤੇ ਮਿਲਿਆ। ਸਤਨਾਮ ਸਿੰਘ ਅਨੁਸਾਰ ਟਰੱਕ ਚਾਲਕ ਨੇ ਥੋੜੀ ਦੂਰ ਜਾ ਕੇ ਪਿੱਛੇ ਦੇਖਿਆ ਅਤੇ ਮੁੜ ਮਰਿੰਡੇ ਵੱਲ ਟਰੱਕ ਭਜਾ ਕੇ ਲੈ ਗਿਆ। ਜਿਸ ਨੂੰ ਮੋਰਿੰਡਾ ਨੇੜੇ ਰਾਹਗੀਰਾਂ ਵੱਲੋਂ ਰੋਕਿਆ ਗਿਆ। ਸਤਨਾਮ ਸਿੰਘ ਨੇ ਦੱਸਿਆ ਕਿ ਇਸੇ ਦੌਰਾਨ ਉਹ ਆਪਣੇ ਭਰਾ ਅਜੀਤ ਸਿੰਘ ਦੀ ਲਾਸ਼ ਨੂੰ ਸੰਭਾਲਣ ਲੱਗ ਪਿਆ ਤੇ ਪਤਾ ਲੱਗਣ ਤੇ ਮੋਰਿੰਡਾ ਪੁਲਿਸ ਵੀ ਮੌਕੇ ਤੇ ਪਹੁੰਚ ਗਏ, ਜਿਸ ਨੇ ਮ੍ਰਿਤਕ ਅਜੀਤ ਸਿੰਘ ਦੀ ਲਾਸ਼ ਸਰਕਾਰੀ ਸਿਵਲ ਹਸਪਤਾਲ ਰੋਪੜ ਦੀ ਮੋਰਚਰੀ ਦੇ ਵਿੱਚ ਰਖਵਾ ਦਿੱਤਾ, ਜਿੱਥੌ ਪੋਸਟਮਾਰਟਮ ਕਰਵਾਉਣ ਉਪਰੰਤ ਅਜੀਤ ਸਿੰਘ ਦਾ ਸੰਸਕਾਰ ਕਰ ਦਿੱਤਾ ਗਿਆ।
ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਦੁਰਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਸੂਚਨਾ ਮਿਲੀ ਕਿ ਤੇ ਹਾਦਸੇ ਵਾਲੇ ਟਰੱਕ ਨੂੰ ਮੋਰਿੰਡਾ ਵਿਖੇ ਪਬਲਿਕ ਵੱਲੋਂ ਰੋਕਿਆ ਗਿਆ ਹੈ। ਜਿਸ ਉਪਰੰਤ ਉਹਨਾਂ ਵੱਲੋਂ ਮੋਰਿੰਡਾ ਪਹੁੰਚ ਕੇ ਉਪਰੋਕਤ ਟਰੱਕ ਅਤੇ ਚਾਲਕ ਕਾਈਅਮ ਖਾਨ ਪੁੱਤਰ ਕੱਲੂ ਖਾਨ ਵਾਸੀ ਚੋਰੀ ਬਸੀ , ਥਾਣਾ ਕ੍ਰਿਸ਼ਨਗੰਜ, ਜਿਲਾ ਅਲਵਰ, ( ਰਾਜਸਥਾਨ) ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਥਾਣੇ ਬੰਦ ਕਰ ਦਿੱਤਾ ਗਿਆ । ਇੰਸਪੈਕਟਰ ਕੈਲਾਸ਼ ਬਹਾਦਰ ਨੇ ਦੱਸਿਆ ਕਿ ਸਤਨਾਮ ਸਿੰਘ ਦੇ ਬਿਆਨ ਦੇ ਅਧਾਰ ਤੇ ਟਰੱਕ ਚਾਲਕ ਕਾਈਅਮ ਖਾਨ ਖਿਲਾਫ ਬੀਐਨਐਸ ਦੀਆਂ ਵੱਖ ਵੱਖ ਧਰਾਵਾਂ ਅਧੀਨ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।




