ਅਸ਼ੀਰਵਾਦ ਸਕੀਮ ਦਾ ਅਹਿਮ ਫੈਸਲਾ: ਅਪਲਾਈ ਕਰਨ ਦੀ ਸਮਾਂ-ਸੀਮਾ 30 ਦਿਨ ਤੋਂ ਵਧਾ ਕੇ 60 ਦਿਨ ਕੀਤੀ

ਪੰਜਾਬ
  • ਯੋਗ ਪਰਿਵਾਰਾਂ ਲਈ ਵੱਡੀ ਰਾਹਤ — ਹੁਣ ਹੋਰ ਆਸਾਨੀ ਨਾਲ ਮਿਲੇਗਾ ਸਕੀਮ ਦਾ ਲਾਭ
  • ਧੀਆਂ-ਭੈਣਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਪ੍ਰਤੀ ਪੰਜਾਬ ਸਰਕਾਰ ਦੀ ਮਜ਼ਬੂਤ ਵਚਨਬੱਧਤਾ: ਡਾ. ਬਲਜੀਤ ਕੌਰ

ਚੰਡੀਗੜ੍ਹ, 15 ਨਵੰਬਰ: ਦੇਸ਼ ਕਲਿੱਕ ਬਿਊਰੋ :

ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ ਸਕੀਮ ਤਹਿਤ ਲਾਭ ਲੈਣ ਲਈ ਅਪਲਾਈ ਕਰਨ ਵਾਲੇ ਬਿਨੈਕਾਰਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦੇ ਹੋਏ ਅਪਲਾਈ ਕਰਨ ਦੀ ਸਮਾਂ-ਸੀਮਾ 30 ਦਿਨ ਤੋਂ ਵਧਾ ਕੇ 60 ਦਿਨ ਕਰ ਦਿੱਤੀ ਗਈ ਹੈ। ਇਸ ਮਹੱਤਵਪੂਰਨ ਫੈਸਲੇ ਨਾਲ ਹੁਣ ਯੋਗ ਪਰਿਵਾਰ ਆਸਾਨੀ ਨਾਲ ਦਸਤਾਵੇਜ਼ੀ ਕਾਰਵਾਈ ਪੂਰੀ ਕਰਕੇ ਸਕੀਮ ਦਾ ਲਾਭ ਲੈ ਸਕਣਗੇ, ਜਿਸ ਨਾਲ ਕੋਈ ਵੀ ਪਰਿਵਾਰ ਸਹਾਇਤਾ ਤੋਂ ਵਾਂਝਾ ਨਹੀਂ ਰਹੇਗਾ।

ਸਮਾਜਿਕ ਨਿਆਂ, ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਹ ਫੈਸਲਾ ਸਰਕਾਰ ਦੇ ਲੋਕ-ਹਿਤੈਸ਼ੀ ਅਤੇ ਜਨ-ਸੇਵਾ ਮੁੱਖ ਦ੍ਰਿਸ਼ਟੀਕੋਣ ਦਾ ਸਪਸ਼ਟ ਸਬੂਤ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਵੀਂ ਤਕਨੀਕ ਅਤੇ ਪਾਰਦਰਸ਼ੀ ਪ੍ਰਣਾਲੀ ਰਾਹੀਂ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।

ਉਨ੍ਹਾਂ ਦੱਸਿਆ ਕਿ ਵਿਆਹ ਦੀਆਂ ਰਸਮਾਂ ਅਤੇ ਤਿਆਰੀਆਂ ਦੌਰਾਨ ਕਈ ਵਾਰ ਪਰਿਵਾਰਾਂ ਕੋਲ ਸਮਾ ਘੱਟ ਰਹਿ ਜਾਂਦਾ ਹੈ, ਜਿਸ ਕਾਰਨ ਉਹ ਪਹਿਲਾਂ 30 ਦਿਨ ਦੀ ਸੀਮਾ ਵਿੱਚ ਅਪਲਾਈ ਕਰਨ ਤੋਂ ਵਾਂਝੇ ਰਹਿ ਜਾਂਦੇ ਸਨ। ਹੁਣ ਨਵੀਂ ਸਮਾਂ-ਸੀਮਾ 60 ਦਿਨ ਹੋਣ ਨਾਲ ਇਹ ਮੁਸ਼ਕਿਲ ਪੂਰੀ ਤਰ੍ਹਾਂ ਦੂਰ ਹੋ ਜਾਵੇਗੀ ਅਤੇ ਵੱਧ ਤੋਂ ਵੱਧ ਯੋਗ ਪਰਿਵਾਰ ਸਕੀਮ ਦਾ ਲਾਭ ਲੈ ਸਕਣਗੇ।

ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨਾਗਰਿਕਾਂ ਲਈ ਵਧੀਆ ਸਹੂਲਤਾਂ ਅਤੇ ਸਮਾਜਿਕ ਸੁਰੱਖਿਆ ਨੂੰ ਮਜ਼ਬੂਤ ਕਰਨ ਵੱਲ ਲਗਾਤਾਰ ਮਹੱਤਵਪੂਰਨ ਕਦਮ ਚੁੱਕ ਰਹੀ ਹੈ। ਅਸ਼ੀਰਵਾਦ ਸਕੀਮ ਦੀ ਸਮਾਂ-ਸੀਮਾ ਵਧਾਉਣਾ ਵੀ ਇਸੇ ਜਨ-ਕੇਂਦ੍ਰਿਤ ਯਤਨ ਦਾ ਹਿੱਸਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।