ਮੋਹਾਲੀ, 16 ਨਵੰਬਰ, ਦੇਸ਼ ਕਲਿੱਕ ਬਿਓਰੋ :
ਮੋਹਾਲੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਜ਼ਾਅਲੀ ਕਰੰਸੀ ਰੈਕੇਟ ਦਾ ਪਰਦਾਫਾਸ ਕੀਤਾ ਗਿਆ ਹੈ। ਪੁਲਿਸ ਨੇ 10 ਕਰੋੜ ਦੀ ਨਕਲੀ ਕਰੰਸੀ ਵੀ ਬਰਾਮਦ ਕੀਤੀ ਹੈ। ਡੇਰਾਬੱਸੀ ਪੁਲਿਸ ਵੱਲੋਂ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਗੁਪਤ ਸੂਚਨਾ ਉਤੇ ਕਾਰਵਾਈ ਕਰਦੇ ਹੋਏ ਐਸਪੀ (ਪੇਂਡੂ) ਮਨਪ੍ਰੀਤ ਸਿੰਘ ਅਤੇ ਡੀਐਸਪੀ ਡੇਰਾਬੱਸੀ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿਚ ਇੰਸਪੈਕਟਰ ਸੁਮਿਤ ਮੋਰ ਥਾਣਾ ਇੰਚਾਰਜ ਡੇਰਾਬੱਸੀ ਅਤੇ ਇੰਸਪੈਕਟਰ ਮਲਕੀਤ ਸਿੰਘ ਐਂਟੀ ਨਾਰਕੋਟਿਕਸ ਸੈਲ ਦੀ ਟੀਮ ਨੇ ਪੁਰਾਣਾ ਅੰਬਾਲਾ-ਕਾਲਕਾ ਹਾਈਵੇ ਉਤੇ ਘੱਗਰ ਪੁਲਿਸ ਦੇ ਨੇੜੇ ਨਾਕਾ ਲਗਾਇਆ ਸੀ। ਇਸ ਦੌਰਾਨ ਇਕ ਸਕਾਰਪੀਓ ਐਨ ਨੂੰ ਰੋਕ ਕੇ ਜਦੋਂ ਉਸਦੀ ਤਲਾਸੀ ਲਈ ਤਾਂ ਉਸ ਵਿਚੋਂ 11.05 ਲੱਖ ਰੁਪਏ ਦੇ ਪੁਰਾਣੇ ਨੋਟ ਅਤੇ 9 ਕਰੋੜ 88 ਲੱਖ ਦੀ ਜ਼ਾਅਲੀ/ਫਿਲਮ ਸ਼ੂਟਿੰਗ ਵਿਚ ਵਰਤੀ ਜਾਣ ਵਾਲੀ ਨਕਲੀ ਕਰੰਸੀ ਬਰਾਮਦ ਹੋਈ ਹੈ।
ਪੁਲਿਸ ਅਨੁਸਾਰ ਜਬਤ ਕੀਤੇ ਨਕਲੀ ਨੋਟਾਂ ਵਿਚ 1000 ਰੁਪਏ ਦੇ ਬੰਡਲ, 500 ਰੁਪਏ ਦੇ ਨਵੇਂ ਨੋਟਾਂ ਦੇ ਬੰਡਲ ਅਤੇ 2000 ਰੁਪਏ ਦੇ 439 ਬੰਡਲ ਸ਼ਾਮਲ ਹਨ।
ਪੁਲਿਸ ਨੇ ਦੱਸਿਆ ਕਿ ਮੁਲਾਜ਼ਮਾਂ ਨੇ ਪੁੱਛਗਿੱਛ ਦੌਰਾਨ ਕਬੂਲ ਕੀਤਾ ਹੈ ਕਿ ਉਹ ਬੰਡਲਾਂ ਦੇ ਉਪਰ ਅਸਲੀ ਨੋਟ ਲਗਾ ਕੇ ਅੰਦਰ ਨਕਲੀ ਨੋਟ ਭਰਕੇ ਲੋਕਾਂ ਨੂੰ ਠੱਗਦੇ ਸਨ। ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ ਵਿਚ ਉਹ ਧੋਖਾਧੜੀ ਕਰ ਚੁੱਕੇ ਹਨ। ਇਸ ਤੋਂ ਪਹਿਲਾਂ ਦੋਵਾਂ ਉਤੇ 7 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿਚ ਥਾਣਾ 1 ਮੋਹਾਲੀ ਵਿਚ ਵੀ ਮਾਮਲਾ ਦਰਜ ਕੀਤਾ ਗਿਆ ਹੈ।




