ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਇਮਾਰਤ ‘ਤੇ ਚੱਲਿਆ ਬੁਲਡੋਜ਼ਰ

ਪੰਜਾਬ
  • ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਦੀ ਮਦਦ ਨਾਲ ਇੱਕ ਅਣਅਧਿਕਾਰਤ ਇਮਾਰਤ ਢੇਰ

ਸ੍ਰੀ ਮੁਕਤਸਰ ਸਾਹਿਬ, 18 ਨਵੰਬਰ: ਦੇਸ਼ ਕਲਿੱਕ ਬਿਊਰੋ :

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਲਗਾਤਾਰ ਜਾਰੀ ਹੈ। ਇਸੇ ਲੜੀ ਤਹਿਤ ਅੱਜ ਸਬ ਡਿਵੀਜ਼ਨ ਗਿੱਦੜਬਾਹਾ ਦੇ ਪਿੰਡ ਗੁਰੂਸਰ ਵਿੱਚ ਇੱਕ ਨਸ਼ਾ ਤਸਕਰ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਬਣਾਈ ਗਈ ਇਮਾਰਤ ਨੂੰ ਢਾਹਿਆ ਗਿਆ।

ਇਸ ਮੌਕੇ ਸਿਵਲ ਪ੍ਰਸ਼ਾਸਨ ਦੀਪਕ ਭਾਰਦਵਾਜ਼ ਨੈਬ ਤਹਿਸੀਲਦਾਰ ਨੇ ਦੱਸਿਆ ਕਿ ਪੁਲਿਸ ਥਾਣਾ ਗਿੱਦੜਬਾਹਾ ਤਹਿਤ ਆਉਂਦੇ ਪਿੰਡ ਗੁਰੂਸਰ ਵਿੱਚ ਗੁਰਮੀਤ ਸਿੰਘ ਪੁੱਤਰ ਅੰਗਰੇਜ਼ ਸਿੰਘ ਅਤੇ ਅਮਨਦੀਪ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਪਿੰਡ ਗੁਰੂਸਰ ਵੱਲੋਂ ਛੱਪੜ ਵਾਲੇ ਖੂਹ ਦੇ ਨਜ਼ਦੀਕ ਗੈਰ ਕਾਨੂੰਨੀ ਤਰੀਕੇ ਨਾਲ ਇੱਕ ਇਮਾਰਤ ਬਣਾਈ ਗਈ ਸੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਮਰੱਥ ਅਥਾਰਟੀ ਤੋਂ ਇਸ ਨੂੰ ਢਾਉਣ ਦੀਆਂ ਹਦਾਇਤਾਂ ਪ੍ਰਾਪਤ ਕਰਕੇ ਪੁਲਿਸ ਵਿਭਾਗ ਤੋਂ ਮੌਕੇ ‘ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਮਦਦ ਲਈ ਗਈ ਸੀ। ਉਨ੍ਹਾਂ ਕਿਹਾ ਕਿ ਪੂਰੇ ਕਾਨੂੰਨੀ ਤਰੀਕੇ ਦੀ ਪਾਲਣਾ ਕਰਦਿਆਂ ਇਸ ਗੈਰ ਕਾਨੂੰਨੀ ਇਮਾਰਤ ਨੂੰ ਅੱਜ ਢਾਹਿਆ ਗਿਆ।

ਇਸ ਮਾਮਲੇ ਵਿੱਚ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ IPS ਨੇ ਦੱਸਿਆ ਕਿ ਗੁਰਮੀਤ ਸਿੰਘ ਤੇ ਨਸ਼ਾ ਤਸਕਰੀ ਦੇ 02 ਮੁਕਦਮੇ ਦਰਜ ਹਨ ਅਤੇ ਅਮਨਦੀਪ ਕੌਰ ਤੇ ਨਸ਼ਾ ਤਸਕਰੀ ਦੇ 03 ਮੁਕਦਮੇ ਦਰਜ ਹਨ। ਦੋਨਾਂ ਉੱਪਰ ਨਸ਼ਾ ਤਸਕਰੀ ਦੇ ਮੁਕਦਮੇ ਕੁੱਲ 05 ਮੁਕਦਮੇ ਦਰਜ ਹਨ ।

ਡਾ. ਅਖਿਲ ਚੌਧਰੀ ਆਈ.ਪੀ.ਐਸ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਮਿਸ਼ਨ ਯੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਜ਼ਿਲ੍ਹੇ ਵਿੱਚ ਵਿਆਪਕ ਪੱਧਰ ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਜੋ ਕੋਈ ਵੀ ਨਸ਼ੇ ਵੇਚ ਕੇ ਜਾਇਦਾਦ ਬਣਾਏਗਾ ਉਸ ਨੂੰ ਅਟੈਚ ਕਰਵਾਇਆ ਜਾਵੇਗਾ। ਉਹਨਾਂ ਨੇ ਇਸ ਮੌਕੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਕੋਈ ਨਸ਼ੇ ਵੇਚਦਾ ਹੈ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਨਿਡਰ ਹੋ ਕੇ ਦਿੱਤੀ ਜਾਵੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖਦੇ ਹੋਏ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਸ੍ਰੀ ਮਨਮੀਤ ਸਿੰਘ ਐਸ.ਪੀ (ਡੀ), ਸ. ਅਰੁਣ ਮੁੰਡਨ ਡੀ.ਐਸ.ਪੀ (ਗਿੱਦੜਬਾਹਾ),ਸਬ ਇੰਸਪੈੱਕਟਰ ਦੀਪਿਕਾ ਰਾਣੀ ਮੁੱਖ ਅਫਸਰ ਥਾਣਾ ਗਿੱਦੜਬਾਹਾ ਅਤੇ ਸਿਵਲ ਪ੍ਰਸ਼ਾਸਨ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।