- ਐਸ.ਡੀ.ਐਮ ਅਤੇ ਸਿਵਲ ਸਰਜਨ ਨੂੰ 19 ਨਵੰਬਰ ਨੂੰ ਨਿੱਜੀ ਪੇਸ਼ੀ ਸਮੇਤ ਮੁਕੰਮਲ ਤੱਥ ਪੇਸ਼ ਕਰਨ ਦੇ ਹੁਕਮ
- ਸ਼੍ਰੀ ਗੁਰੂ ਰਵਿਦਾਸ ਅਧਿਐਨ ਕੇਂਦਰ ਲਈ ਐਲਾਨੀ ਰਕਮ ਬਾਰੇ ਡੀ.ਸੀ. ਜਲੰਧਰ ਤੋਂ ਵਿਸਥਾਰ ਰਿਪੋਰਟ ਮੰਗੀ
- 25 ਕਰੋੜ ਖਰਚੇ ਜਾਣ ਦੀ ਸਥਿਤੀ ਸਮੇਤ ਐਕਸ਼ਨ ਪਲਾਨ – ਏ.ਡੀ.ਸੀ. ਨੂੰ 26 ਨਵੰਬਰ ਨੂੰ ਨਿੱਜੀ ਪੇਸ਼ੀ ਦੇ ਹੁਕਮ
ਚੰਡੀਗੜ੍ਹ, 18 ਨਵੰਬਰ: ਦੇਸ਼ ਕਲਿੱਕ ਬਿਊਰੋ :
ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਪ੍ਰਕਾਸ਼ਿਤ ਖ਼ਬਰ ਮੁਤਾਬਿਕ ਇੱਕ ਦਲਿਤ ਨੌਜਵਾਨ ਦੀ ਲਾਸ਼ ਨੂੰ ਮੁਰਦਾ ਘਰ ਵਿੱਚ ਰੱਖਣ ਤੋਂ ਇਨਕਾਰ ਕਰਨ ਦੇ ਗੰਭੀਰ ਮਾਮਲੇ ਦਾ ਸੂ-ਮੋਟੋ ਨੋਟਿਸ ਲਿਆ ਹੈ। ਇਸ ਸਬੰਧੀ ਉਨ੍ਹਾਂ ਨੇ ਡਿਪਟੀ ਕਮਿਸ਼ਨਰ, ਰੂਪਨਗਰ ਨੂੰ ਮਾਮਲੇ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਚੇਅਰਮੈਨ ਜਸਵੀਰ ਸਿੰਘ ਗੜੀ ਨੇ ਸਪਸ਼ਟ ਕੀਤਾ ਕਿ ਅਨੁਸੂਚਿਤ ਜਾਤੀਆਂ ਨਾਲ ਜੁੜੇ ਕਿਸੇ ਵੀ ਭੇਦਭਾਵ, ਲਾਪਰਵਾਹੀ ਜਾਂ ਅਣਮਨੁੱਖੀ ਵਰਤਾਰੇ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਮਿਸ਼ਨ ਦਾ ਮੁੱਖ ਧਿਆਨ ਹਰੇਕ ਘਟਨਾ ਦੀ ਗੰਭੀਰ ਜਾਂਚ, ਤੁਰੰਤ ਕਾਰਵਾਈ ਅਤੇ ਪੀੜਤ ਪੱਖ ਨੂੰ ਨਿਆਂ ਮੁਹੱਈਆ ਕਰਵਾਉਣ ‘ਤੇ ਹੈ। ਇਸ ਲਈ, ਸਬੰਧਤ ਅਧਿਕਾਰੀਆਂ ਨੂੰ ਨਿਰਧਾਰਤ ਮਿਆਦ ਅੰਦਰ ਪੂਰੇ ਤੱਥਾਂ ਸਮੇਤ ਜ਼ਿੰਮੇਵਾਰੀ ਨਾਲ ਰਿਪੋਰਟ ਪੇਸ਼ ਕਰਨ ਦੇ ਸਖ਼ਤ ਆਦੇਸ਼ ਜਾਰੀ ਕੀਤੇ ਗਏ ਹਨ।
ਚੇਅਰਮੈਨ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਐਸ.ਡੀ.ਐਮ ਅਤੇ ਸਿਵਲ ਸਰਜਨ ਰੂਪਨਗਰ ਵੱਲੋਂ 19 ਨਵੰਬਰ ਨੂੰ ਨਿੱਜੀ ਪੱਧਰ ‘ਤੇ ਕਮਿਸ਼ਨ ਅੱਗੇ ਹਾਜ਼ਰ ਹੋ ਕੇ ਮੁਕੰਮਲ ਕਾਰਵਾਈ ਰਿਪੋਰਟ ਪੇਸ਼ ਕਰਨੀ ਲਾਜ਼ਮੀ ਕੀਤੀ ਗਈ ਹੈ।
ਇਸ ਤੋਂ ਇਲਾਵਾ, ਚੇਅਰਮੈਨ ਸ. ਜਸਵੀਰ ਸਿੰਘ ਗੜੀ ਨੇ ਸ਼੍ਰੀ ਗੁਰੂ ਰਵਿਦਾਸ ਅਧਿਐਨ ਕੇਂਦਰ ਲਈ ਐਲਾਨ ਕੀਤੀ 25 ਕਰੋੜ ਰੁਪਏ ਦੀ ਰਕਮ ਸਬੰਧੀ ਮੌਜੂਦਾ ਸਥਿਤੀ ਬਾਰੇ ਵੀ ਵਿਸਥਾਰਿਤ ਰਿਪੋਰਟ ਮੰਗੀ ਹੈ।
ਇਸ ਸਬੰਧ ਵਿਚ ਡਿਪਟੀ ਕਮਿਸ਼ਨਰ, ਜਲੰਧਰ ਨੂੰ ਆਦੇਸ਼ ਦਿੱਤੇ ਗਏ ਹਨ ਕਿ ਕੇਂਦਰ ਨਾਲ ਜੁੜੇ ਸਾਰੇ ਰਿਕਾਰਡ ਅਤੇ ਐਕਸ਼ਨ ਪਲਾਨ ਸਮੇਤ ਸਬੰਧਤ ਏ.ਡੀ.ਸੀ. ਰਾਹੀਂ 26 ਨਵੰਬਰ, ਸਵੇਰੇ 11.30 ਵਜੇ ਤੱਕ ਨਿੱਜੀ ਤੌਰ ‘ਤੇ ਕਮਿਸ਼ਨ ਅੱਗੇ ਪੇਸ਼ ਕੀਤਾ ਜਾਵੇ।




