ਘੜੂੰਆਂ ਕਾਨੂੰਗੋ ਸਰਕਲ ਦੇ 36 ਪਿੰਡ ਮੋਹਾਲੀ ਜਿਲੇ ਨਾਲ ਹੀ ਜੁੜੇ ਰਹਿਣਗੇ : ਵਿਧਾਇਕ ਚਰਨਜੀਤ ਸਿੰਘ

ਪੰਜਾਬ

ਅਜਿਹੀ ਕੋਈ ਤਜਵੀਜ ਸਰਕਾਰੀ ਪੱਧਰ ਤੇ ਵਿਚਾਰ ਅਧੀਨ ਨਹੀਂ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਪਿੰਡ ਘੜੂੰਆਂ ਤੋਂ ਸਫਾਈ ਮੁਹਿੰਮ ਕੀਤੀ  ਸ਼ੁਰੂ

ਮੋਰਿੰਡਾ, 19 ਨਵੰਬਰ, ਭਟੋਆ :

ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੱਦੇ ਗਏ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਨੂੰ ਜਿਲਾ ਬਣਾਏ ਜਾਣ ਦੀਆਂ ਚਰਚਾਵਾਂ ਉਪਰੰਤ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਜਿਲਾ ਮੋਹਾਲੀ ਵਿੱਚ ਪੈਂਦੇ ਘੜੂੰਆਂ ਕਾਨੂੰਗੋ ਸਰਕਲ ਦੇ 36 ਪਿੰਡਾਂ ਨੂੰ ਮੁੜ ਤੋਂ ਰੂਪਨਗਰ ਜਿਲੇ ਨਾਲ ਜੋੜਨ ਦੀਆਂ ਖਬਰਾਂ ਉਪਰੰਤ ਜਿੱਥੇ ਇਹਨਾਂ ਪਿੰਡਾਂ ਨਾਲ ਸੰਬੰਧਿਤ ਕਿਸਾਨ ਜਥੇਬੰਦੀਆਂ ਆਮ ਲੋਕਾਂ ਤੇ ਬਾਰ ਐਸੋਸੀਏਸ਼ਨ ਖਰੜ ਦੇ ਵਕੀਲਾਂ ਵੱਲੋਂ ਵੱਡੇ ਪੱਧਰ ਤੇ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਉੱਥੇ ਹੀ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ ਉਪਰੋਕਤ ਚਰਚਾਵਾਂ ਨੂੰ ਨਿਰਮੂਲ ਕਰਾਰ ਦਿੰਦਿਆਂ ਸਪਸ਼ਟ ਕਿਹਾ ਹੈ ਕਿ ਇਹ ਸਾਰੇ 36 ਪਿੰਡ ਮੋਹਾਲੀ ਜਿਲ੍ਹੇ ਵਿੱਚ ਹੀ ਰਹਿਣਗੇ ਅਤੇ ਉਹ ਇਹਨਾਂ ਪਿੰਡਾਂ ਦੇ ਲੋਕਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਇਹ ਦਾਅਵਾ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਨੇ

ਪਿੰਡ ਘੜੂੰਆਂ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਜਾਏ ਜਾਣ ਵਾਲੇ ਨਗਰ ਕੀਰਤਨ ਅਤੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਸਫਾਈ ਮੁਹਿੰਮ ਦੀ ਸ਼ੁਰੂਆਤ ਕਰਨ ਸਮੇਂ ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਦੌਰਾਨ ਕੀਤਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੱਧਰ ਤੇ ਅਜਿਹੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤੀ ਗਈ ਅਤੇ ਨਾ ਹੀ ਅਜਿਹੀ ਕੋਈ ਤਜਵੀਜ ਸਰਕਾਰੀ ਪੱਧਰ ਤੇ ਵਿਚਾਰ ਅਧੀਨ ਚੱਲ ਰਹੀ ਹੈ। ਪ੍ਰੰਤੂ ਕੁਝ ਵਿਰੋਧੀ ਪਾਰਟੀਆਂ ਦੇ ਆਗੂ ਇਸ ਹਲਕੇ ਦੇ ਲੋਕਾਂ ਨੂੰ ਉਕਤ ਮਾਮਲੇ ਵਿੱਚ ਗੁਮਰਾਹ ਕਰਕੇ ਸਿਆਸੀ ਰੋਟੀਆਂ ਸੇਕਣ ਦੀ ਕੋਜੀ ਕੋਸ਼ਿਸ਼ ਕਰ ਰਹੇ ਹਨ ਜਿਨਾਂ ਨੂੰ ਕਦੇ ਵੀ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਘੜੂੰਆਂ ਕਾਨੂਗੋ ਅਧੀਨ ਪੈਂਦੇ 36 ਪਿੰਡਾਂ ਨੂੰ ਮੋਹਾਲੀ ਜਿਲੇ ਨੂੰ ਤੋੜ ਕੇ ਰੋਪੜ ਜਿਲੇ ਨਾਲ ਜੋੜਨ ਸਬੰਧੀ ਕੀਤਾ ਜਾ ਰਿਹਾ ਪ੍ਰਚਾਰ ਵਿਰੋਧੀ ਸਿਆਸੀ ਪਾਰਟੀਆਂ ਦਾ ਇੱਕ ਸ਼ੋਸ਼ਾ ਹੈ ਜਿਸ ਤੋਂ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਸੁਚੇਤ ਹੋਣ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੇ ਇਹਨਾਂ ਸਿਆਸੀ ਪਾਰਟੀਆਂ ਦੀ ਹਾਲਤ ਸੱਪ ਦੇ ਮੂੰਹ ਵਿੱਚ ਕੋਹੜ ਕਿਰਲੀ ਵਰਗੀ ਬਣਾ ਦਿੱਤੀ ਹੈ ਅਤੇ ਹਲਕੇ ਵਿੱਚ ਹੋ ਰਹੇ ਵਿਕਾਸ ਕਾਰਜ ਇਹਨਾਂ ਸਿਆਸੀ ਪਾਰਟੀਆਂ ਦੇ ਨੇਤਾਵਾਂ ਨੂੰ ਰਾਸ ਨਹੀ ਆ ਰਹੇ । ਉਹਨਾਂ ਕਿਹਾ ਕਿ ਜਦੋਂ ਇਹਨਾਂ ਸਿਆਸੀ ਪਾਰਟੀਆਂ ਕੋਲ ਕੋਈ ਸਿਆਸੀ ਮੁੱਦਾ ਨਹੀਂ ਹੁੰਦਾ ਤਾਂ ਉਹ ਅਜਿਹੇ ਬੇਲੋੜੇ ਮੁੱਦਿਆਂ ਨੂੰ ਉਭਾਰ ਕੇ ਪੰਜਾਬ ਦੇ ਲੋਕਾਂ ਨੂੰ ਸਰਕਾਰ ਖਿਲਾਫ ਭੜਕਾਉਣ ਦੀ ਕੋਸ਼ਿਸ਼ ਕਰਦੇ ਹਨ ਪ੍ਰੰਤੂ ਪੰਜਾਬ ਸਰਕਾਰ ਅਤੇ ਪੰਜਾਬ ਦੇ ਸੂਝਵਾਨ ਲੋਕ ਇਹਨਾਂ ਸਿਆਸੀ ਆਗੂਆਂ ਨੂੰ ਅਜਿਹੀਆਂ ਕੋਸ਼ਿਸ਼ਾਂ ਵਿੱਚ ਕਾਮਯਾਬ ਨਹੀਂ ਹੋਣ ਦੇਵੇਗੀ। ਵਿਧਾਇਕ ਨੇ ਕਿਹਾ ਕਿ ਵਿਰੋਧੀ ਸਿਆਸੀ ਆਗੂਆਂ ਵੱਲੋਂ ਪਹਿਲਾਂ ਵੀ ਘੜੂੰਆਂ ਤਹਿਸੀਲ ਤੋੜਨ ਸਬੰਧੀ ਅਤੇ ਇਹਨਾਂ ਪਿੰਡਾਂ ਨੂੰ ਰੋਪੜ ਜਿਲ ਨਾਲ ਜੋੜਨ ਸਬੰਧੀ ਅਫਵਾਹ ਉਡਾਈ ਗਈ ਸੀ ਜਿਸ ਵਿੱਚ ਕੋਈ ਸੱਚਾਈ ਨਹੀਂ ਸੀ ਅਤੇ ਘੜੂੰਆਂ ਤਹਿਸੀਲ ਪਹਿਲਾਂ ਵਾਂਗ ਹੀ ਕੰਮ ਕਰ ਰਹੀ ਹੈ ਡਾਕਟਰ ਚਰਨਜੀਤ ਸਿੰਘ ਨੇ ਘੜੂੰਆਂ ਕਨੂ ਅਧੀਨ ਪੈਂਦੇ 36 ਪਿੰਡਾਂ ਦੇ ਵਸਨੀਕਾਂ ਨੂੰ ਭਰੋਸਾ ਦਿੱਤਾ ਕਿ ਇਹ ਸਾਰੇ ਪਿੰਡ ਪਹਿਲਾਂ ਵਾਂਗ ਮੁਹਾਲੀ ਜਿਲੇ ਨਾਲ ਹੀ ਜੁੜੇ ਰਹਿਣਗੇ।

ਇੱਥੇ ਇਹ ਵੀ ਦੱਸਣ ਯੋਗ ਹੈ ਕਿ ਬੀਤੇ ਕੱਲ ਇਹਨਾਂ ਪਿੰਡਾਂ ਨੂੰ ਰੂਪਨਗਰ ਜਿਲੇ ਨਾਲ ਜੋੜਨ ਨੂੰ ਲੈ ਕੇ ਖਰੜ ਦੇ ਵਕੀਲਾਂ ਪਸੰਦ ਜਥੇਬੰਦੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਖਰੜ ਬੱਸ ਸਟੈਂਡ ਤੇ ਜਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਸੀ । ਜਿਸ ਦੌਰਾਨ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਵੀ ਇਸ ਦਾ ਸਮਰਥਨ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਵੱਲੋਂ ਦੋਸ਼ ਲਗਾਇਆ ਗਿਆ ਸੀ ਕਿ ਪੰਜਾਬ ਸਰਕਾਰ ਵੱਲੋਂ ਉਪਰੋਕਤ ਸਾਰੇ ਪਿੰਡ ਜੋ  ਹੁਣ ਤਹਿਸੀਲ ਖਰੜ ਅਤੇ ਜਿਲਾ ਮੋਹਾਲੀ ਤੋਂ 8 ਤੋਂ 18 ਕਿਲੋਮੀਟਰ ਦੀ ਦੂਰੀ ਤੇ ਸਥਿਤ ਹਨ,   ਉਹਨਾਂ ਪਿੰਡਾਂ ਨੂੰ 50 ਕਿਲੋਮੀਟਰ ਦੀ ਦੂਰੀ ਤੇ ਸਥਿਤ ਰੂਪਨਗਰ ਜਿਲੇ ਨਾਲ ਜੋੜਿਆ ਜਾ ਰਿਹਾ ਅਤੇ ਅਜਿਹਾ ਕਰਨ ਲਈ ਸਰਕਾਰ ਵੱਲੋਂ ਇਹਨਾਂ ਪਿੰਡਾਂ ਦੇ  ਨਿਵਾਸੀਆਂ ਦੀ ਜਾਂ ਪੰਚਾਂ ਸਰਪੰਚਾਂ ਦੀ ਕੋਈ ਸਹਿਮਤੀ ਨਹੀਂ ਲਈ ਗਈ ਜੋ ਕਿ ਇਹਨਾਂ ਪਿੰਡਾਂ ਦੇ ਲੋਕਾਂ ਨਾਲ ਸ਼ਰੇਆਮ ਧੱਕੇਸ਼ਾਹੀ ਹੈ, ਜਿਸ ਨੂੰ ਇਨਸਾਫ ਪਸੰਦ ਲੋਕ ਕਦੇ ਬਰਦਾਸ਼ਤ ਨਹੀਂ ਕਰਨਗੇ, ਅਤੇ ਸੰਘਰਸ਼ ਤੇਜ ਕਰਨ ਦੀ ਚੇਤਾਵਨੀ ਦਿੱਤੀ ਗਈ ਸੀ। ਜਿਸ ਉਪਰੰਤ ਹਲਕਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਵੱਲੋ ਇਸ ਸਬੰਧੀ ਸਪਸ਼ਟ ਕੀਤਾ ਗਿਆ ਹੈ ਕਿ ਅਜਿਹੀ ਕੋਈ ਵੀ ਤਜਵੀਸ਼ ਪੰਜਾਬ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ ਅਤੇ ਪਿੰਡ ਪਹਿਲਾਂ ਵਾਂਗ   ਹੀ ਮੋਹਾਲੀ ਜਿਲੇ ਨਾਲ ਜੁੜੇ ਰਹਿਣਗੇ।

ਪਿੰਡ ਘੜੂੰਆਂ ਤੋਂ ਸਫਾਈ ਮੁਹਿੰਮ ਸ਼ੁਰੂ ਕਰਨ ਸਬੰਧੀ ਗੱਲਬਾਤ ਕਰਦਿਆ ਡਾਕਟਰ ਚਰਨਜੀਤ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਨਗਰ ਕੀਰਤਨ ਅਤੇ ਇਲਾਕੇ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਇਹ ਮਹਿਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਵਿਖੇ ਵੀ ਸਫਾਈ ਸ਼ੁਰੂ ਕਰਵਾਈ ਜਾਵੇਗੀ ।.ਉਹਨਾਂ ਲੋਕਾਂ ਨੂੰ ਆਪਣੇ ਘਰਾਂ ਦੀ ਸਫਾਈ ਦੇ ਨਾਲ ਨਾਲ ਆਲਾ ਦੁਆਲਾ ਵੀ ਸਾਫ ਰੱਖਣ ਲਈ ਵੀ ਜਾਗਰੂਕ ਕੀਤਾ  ਅਤੇ  ਪਲਾਸਟਿਕ ਦੇ ਲਿਫਾਫਿਆਂ ਨੂੰ ਵਰਤਣ ਤੋਂ ਗੁਰੇਜ ਕਰਨ ਲਈ ਕਿਹਾ ਕਿਉਂਕਿ ਇਹ ਲਿਫਾਫੇ ਧਰਤੀ ਵਿੱਚ ਗਲਦੇ ਨਹੀਂ । 

ਇਸ ਮੌਕੇ ਤੇ ਹੋਰਨਾਂ ਤੋਂ ਬਿਨਾਂ ਨਗਰ ਪੰਚਾਇਤ ਘੜੂੰਆਂ ਦੀ ਪ੍ਰਧਾਨ ਮਨਮੀਤ ਕੌਰ, ਵਾਈਸ ਪ੍ਰਧਾਨ ਹਰਪ੍ਰੀਤ ਸਿੰਘ ਭੰਡਾਰੀ, ਰਾਜਨੀਤਿਕ ਸਕੱਤਰ ਜਗਤਾਰ ਸਿੰਘ ਘੜੂੰਆਂ, ਰੋਬਨ  ਘੜੂੰਆਂ, ਜਸ਼ਨਪ੍ਰੀਤ ਸਿੰਘ ਮਾਮੂਪੁਰ, ਅੰਮ੍ਰਿਤ ਪਾਲ ਸਿੰਘ ਘੜੂੰਆਂ ,ਇੰਦਰਜੀਤ ਸਿੰਘ, ਮਨਪ੍ਰੀਤ ਸਿੰਘ, ਸ਼ੇਰ ਸਿੰਘ, ਗਗਨਪ੍ਰੀਤ ਸਿੰਘ, ਸੋਹਨ ਸਿੰਘ ,ਨਰਿੰਦਰ ਸਿੰਘ ਸਕਰੁਲਾਂਪੁਰ, ਦਿਲਜੀਤ ਸਿੰਘ ਬੰਟੀ, ਭਗਤ ਸਿੰਘ  ਸਕਰੁਲਾਂਪੁਰ ਅਤੇ ਪ੍ਰਧਾਨ ਮਨਦੀਪ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜ਼ਰ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।