ਅੰਮ੍ਰਿਤਸਰ, 19 ਨਵੰਬਰ, ਦੇਸ਼ ਕਲਿਕ ਬਿਊਰੋ :
ਅੰਮ੍ਰਿਤਸਰ ਵਿਖੇ ਘਰ ਵਿੱਚ ਅੱਗ ਲੱਗਣ ਨਾਲ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ। ਅੱਗ ਉੱਪਰਲੇ ਕਮਰੇ ਵਿੱਚ ਲੱਗੀ ਅਤੇ ਘਬਰਾਹਟ ਵਿੱਚ ਆ ਕੇ ਉਹ ਵਿਅਕਤੀ ਆਪਣਾ ਸਮਾਨ ਬਚਾਉਣ ਲਈ ਅੰਦਰ ਚਲਾ ਗਿਆ, ਪਰ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ ਅਤੇ ਬਚ ਨਾ ਸਕਿਆ। ਜਦੋਂ ਤੱਕ ਪੁਲਿਸ ਅਤੇ ਫਾਇਰ ਬ੍ਰਿਗੇਡ ਪਹੁੰਚੇ, ਉਸਦੀ ਮੌਤ ਹੋ ਚੁੱਕੀ ਸੀ।
ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਸ਼ਾਰਟ ਸਰਕਟ ਦਾ ਸੰਕੇਤ ਦਿੰਦੀ ਹੈ, ਪਰ ਅਸਲ ਕਾਰਨ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।
ਇਹ ਘਟਨਾ ਅੰਮ੍ਰਿਤਸਰ ਦੇ ਰੇਸ ਕੋਰਸ ਰੋਡ ‘ਤੇ ਵਾਪਰੀ। ਕੋਠੀ ਨੰਬਰ 166 ਦੇ ਵਸਨੀਕ ਬਜ਼ੁਰਗ ਕਿਰਨ ਆਹੂਜਾ ਦੇ ਘਰ ਦੇ ਉੱਪਰਲੇ ਕਮਰੇ ਵਿੱਚ ਅਚਾਨਕ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਫੈਲ ਗਈ ਕਿ ਕੁਝ ਵੀ ਕਾਬੂ ਕਰਨਾ ਮੁਸ਼ਕਲ ਹੋ ਗਿਆ। ਕਿਰਨ ਆਹੂਜਾ ਅੱਗ ਦੀਆਂ ਲਪਟਾਂ ਵਿੱਚ ਫਸ ਗਏ ਅਤੇ ਮੌਕੇ ‘ਤੇ ਹੀ ਉਸਦੀ ਮੌਤ ਹੋ ਗਈ। ਅੱਗ ਲੱਗਦੇ ਹੀ ਨੇੜੇ-ਤੇੜੇ ਲੋਕ ਇਕੱਠੇ ਹੋ ਗਏ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ।




