ਡਾ. ਬਲਬੀਰ ਸਿੰਘ ਨੇ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ ‘ਲੀਡਰਸ਼ਿਪ ਇਨ ਮੈਂਟਲ ਹੈਲਥ’ ਪ੍ਰੋਗਰਾਮ ਦੀ ਕੀਤੀ ਸ਼ੁਰੂਆਤ

ਪੰਜਾਬ

— ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿਰੁੱਧ ਦੇਸ਼ ਦੀ ਪਹਿਲੀ ਫੈਲੋਸ਼ਿਪ, 35 ਮਨੋਵਿਗਿਆਨਕ ਪੇਸ਼ੇਵਰਾਂ ਨੂੰ ਪੰਜਾਬ ਵਿੱਚ ਕੀਤਾ ਜਾਵੇਗਾ ਤਾਇਨਾਤ : ਸਿਹਤ ਮੰਤਰੀ
— ਸਿਹਤ ਵਿਭਾਗ, ਡਾ. ਬੀ.ਆਰ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਮੋਹਾਲੀ ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ ਮੁੰਬਈ ਦੇ ਆਪਸੀ ਸਹਿਯੋਗ ਵਾਲਾ ਸਾਂਝਾ ਉਪਰਾਲਾ ਹੈ ਇਹ ਪ੍ਰੋਗਰਾਮ

ਚੰਡੀਗੜ੍ਹ, 21 ਨਵੰਬਰ: ਦੇਸ਼ ਕਲਿੱਕ ਬਿਊਰੋ :

ਸੂਬੇ ਵਿੱਚ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਲਈ ਚੱਲ ਰਹੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦੀ ਸਫਲਤਾ ਦੇ ਨਾਲ-ਨਾਲ ਨਸ਼ਿਆਂ ਵਿਰੁੱਧ ਜੰਗ ਨੂੰ ਹੋਰ ਤੇਜ਼ ਕਰਦੇ ਹੋਏ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਸ਼ੁੱਕਰਵਾਰ ਨੂੰ ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਦੀ ਸ਼ੁਰੂਆਤ ਕੀਤੀ, ਜੋ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਘਟਾਉਣ ਅਤੇ ਮਾਨਸਿਕ ਤੰਦਰੁਸਤੀ ਵਧਾਉਣ ਲਈ ਦੇਸ਼ ਦੀ ਪਹਿਲੀ ਸਮਰਪਿਤ ਪੇਸ਼ਕਦਮੀ ਹੈ। ਇਹ ਮੋਹਰੀ ਪਹਿਲ ਸਿਹਤ ਵਿਭਾਗ ਪੰਜਾਬ, ਡਾ. ਬੀ.ਆਰ. ਅੰਬੇਡਕਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੋਹਾਲੀ ਅਤੇ ਟਾਟਾ ਇੰਸਟੀਚਿਊਟ ਆਫ਼ ਸੋਸ਼ਲ ਸਾਇੰਸਜ਼ (ਟੀ.ਆਈ.ਐਸ.ਐਸ.) ਮੁੰਬਈ ਦੇ ਸਹਿਯੋਗ ਵਾਲਾ ਸਾਂਝਾ ਉਪਰਾਲਾ ਹੈ।

ਇਸ ਪਹਿਲਕਦਮੀ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹ ਫੈਲੋਸ਼ਿਪ ਭਾਰਤ ਅਤੇ ਦੁਨੀਆ ਭਰ ਦੇ 35 ਮਨੋਰੋਗ ਪੇਸ਼ੇਵਰਾਂ ਨੂੰ ਪੰਜਾਬ ਦੇ ਸਾਰੇ 23 ਜ਼ਿਲਿ੍ਹਆਂ ਵਿੱਚ ਨਸ਼ਿਆਂ ਦੀ ਰੋਕਥਾਮ, ਇਲਾਜ ਅਤੇ ਮੁੜ-ਵਸੇਬਾ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਅਮਹਿ ਭੂਮਿਕਾ ਨਿਭਾਏਗੀ । ਉਨ੍ਹਾਂ ਕਿਹਾ, ‘‘ਸਿਰਫ਼ ਇੱਕ ਸਵੱਛ ਪੰਜਾਬ ਹੀ ਰੰਗਲਾ ਪੰਜਾਬ ਹੋ ਸਕਦਾ ਹੈ। ਨਸ਼ਿਆਂ ਦੇ ਵਧ ਰਹੇ ਪ੍ਰਕੋਪ ਨਾਲ ਨਜਿੱਠਣ ਲਈ, ਪੰਜਾਬ ਨੂੰ ਯੋਗ ਅਗਵਾਈ ਕਰਨ ਲਈ ਹੁਨਰਮੰਦ ਅਤੇ ਹਲੀਮ ਨੌਜਵਾਨਾਂ ਦੀ ਲੋੜ ਹੈ,’’ ।

ਪ੍ਰੋਗਰਾਮ ਦੇ ਢਾਂਚੇ ਬਾਰੇ ਦੱਸਦੇ ਹੋਏ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਦੋ ਸਾਲਾਂ ਦੀ ਇਹ ਫੈਲੋਸ਼ਿਪ ਤਹਿਤ ਨਵੇਂ ਪੇਸ਼ੇਵਰਾਂ ਨੂੰ ਡੇਟਾ ਇੰਟੈਲੀਜੈਂਸ ਅਤੇ ਟੈਕਨੀਕਲ ਸਪੋਰਟ ਯੂਨਿਟ ਵਿੱਚ ਕੰਮ ਕਰਨ ਦਾ ਇੱਕ ਵਿਲੱਖਣ ਮੌਕਾ ਪ੍ਰਦਾਨ ਕਰੇਗੀ, ਜੋ ਕਿ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਵਿਰੁੱਧ ਇੱਕ ਵਿਆਪਕ ਪਹੁੰਚ ਦੀ ਅਗਵਾਈ ਕਰ ਰਹੀ ਹੈ। ਇਸ ਪਹਿਲ ਦਾ ਹਿੱਸਾ ਬਣਨ ਵਾਲੇ ਫੈਲੋ ਪੇਸ਼ੇਵਰ ਆਪਣੀ ਤਾਇਨਾਤੀ ਤੋਂ ਪਹਿਲਾਂ ਟੀ.ਆਈ.ਐਸ.ਐਸ. ਮੁੰਬਈ ਦੁਆਰਾ ਦੋ ਹਫ਼ਤਿਆਂ ਦੇ ਇੱਕ ਵਿਆਪਕ ਇੰਡਕਸ਼ਨ ਪ੍ਰੋਗਰਾਮ ਵਿੱਚੋਂ ਗੁਜ਼ਰਨਗੇ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ, ਮਾਨਸਿਕ ਸਿਹਤ ਸੰਭਾਲ ਨੂੰ ਸੰਸਥਾਗਤ ਬਣਾਉਣ ਦੀ ਵਚਨਬੱਧਤਾ ’ਤੇ ਜ਼ੋਰ ਦਿੰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ, ‘ਲੀਡਰਸ਼ਿਪ ਇਨ ਮੈਂਟਲ ਹੈਲਥ ਪ੍ਰੋਗਰਾਮ’ ਦੀ ਸ਼ੁਰੂਆਤ ਪੰਜਾਬ ਦੇ ਹਰ ਵਿਅਕਤੀ ਦੀ ਮਾਨਸਿਕ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਸਰਕਾਰ ਦੇ ਯਤਨਾਂ ਅਤੇ ਵਚਨਬੱਧਤਾ ਨੂੰ ਪੂਰੀ ਤਰ੍ਹਾਂ ਸਪੱਸ਼ਟ ਕਰਦੀ ਹੈ। ਸਰੀਰਕ ਗਤੀਵਿਧੀਆਂ ਲਈ ਲੋਕਾਂ ਦੀ ਸਿਹਤ ਤੋਂ ਲੈ ਕੇ ਰਾਜ ਦੀਆਂ ਮਾਨਸਿਕ ਸਿਹਤ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਵਿਲੱਖਣ ਫੈਲੋਸ਼ਿਪਾਂ ਤੱਕ, ਅਸੀਂ ਪੰਜਾਬ ਦੇ ਲੋਕਾਂ ਨੂੰ ਪਹੁੰਚਯੋਗ ਅਤੇ ਹਮਦਰਦੀ ਭਰਪੂਰ ਸਿਹਤ ਸੰਭਾਲ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਾਂ।’’

ਇਸ ਪ੍ਰੋਗਰਾਮ ਨੂੰ ਲਾਗੂ ਕਰਨ ਬਾਰੇ ਜਾਣਕਾਰੀ ਦਿੰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ 35 ਫੈਲੋ ਪੇਸ਼ੇਵਰਾਂ ਵਿੱਚੋਂ 23 ਨੂੰ ਪੰਜਾਬ ਦੇ ਹਰੇਕ ਜ਼ਿਲ੍ਹੇ ਵਿੱਚ, 10 ਫੈਲੋਜ਼ ਨੂੰ ਪੰਜ ਕਲੱਸਟਰ ਰਿਸੋਰਸ ਸੈਂਟਰਾਂ ਵਿੱਚ ਅਤੇ ਦੋ ਨੂੰ ਮੋਹਾਲੀ ਵਿੱਚ ਡੀ.ਆਈ.ਟੀ.ਐਸ.ਯੂ. ਹੈੱਡਕੁਆਰਟਰ ਵਿੱਚ ਤਾਇਨਾਤ ਕੀਤਾ ਜਾਵੇਗਾ।

ਫੈਲੋਜ਼ ਨੂੰ 60,000 ਦਾ ਮਹੀਨਾਵਾਰ ਮਿਹਨਤਾਨਾ ਮਿਲੇਗਾ ਅਤੇ ਜਨਤਕ ਸਿਹਤ ਬੁਨਿਆਦੀ ਢਾਂਚੇ ਵਿੱਚ ਵਿਸ਼ੇਸ਼ ਸਿਖਲਾਈ, ਸਲਾਹ ਅਤੇ ਵਿਹਾਰਕ ਤਜਰਬੇ ਤੋਂ ਲਾਭ ਮਿਲੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।