- ਪੰਜਾਬ ਯੂਨੀਵਰਸਿਟੀ ਨੂੰ 22 ਨਵੰਬਰ ਵਾਲੀ ਕਾਨਫ਼ਰੰਸ ਤੁਰੰਤ ਰੱਦ ਕਰਨ ਦੀ ਕੀਤੀ ਮੰਗ
ਚੰਡੀਗੜ੍ਹ, 21 ਨਵੰਬਰ: ਦੇਸ਼ ਕਲਿੱਕ ਬਿਊਰੋ :
ਪੰਜਾਬ ਭਾਜਪਾ ਦੇ ਬੁਲਾਰੇ ਪ੍ਰੋ. ਸਰਚਾਂਦ ਸਿੰਘ ਖ਼ਿਆਲਾ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ 22 ਨਵੰਬਰ 2025 ਨੂੰ “ਗੁਰੂ ਨਾਨਕ ਰੀਸਰਚ ਇੰਸਟੀਚਿਊਟ, ਬਰਮਿੰਘਮ (ਯੂ.ਕੇ.)” ਦੇ ਬੈਨਰ ਹੇਠ ਵਿਵਾਦਪੂਰਨ ਵਿਅਕਤੀ ਹਰਜਿੰਦਰ ਸਿੰਘ ਦਿਲਗੀਰ ਵੱਲੋਂ ਆਯੋਜਿਤ ਕੀਤੀ ਜਾ ਰਹੀ ਕਾਨਫ਼ਰੰਸ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।
ਉਹਨਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਨੂੰ ਪੱਤਰ ਲਿਖ ਕੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ, ਜੋ ਸਿੱਖ ਪੰਥ ਦਾ ਸਰਵਉੱਚ ਅਸਥਾਨ ਹੈ ਅਤੇ ਸੰਸਾਰ ਭਰ ਦਾ ਸਿੱਖ ਸਮਾਜ ਇੱਥੋਂ ਗੁਰਮਤਿ ਦੀ ਰੋਸ਼ਨੀ ਵਿਚ ਜਾਰੀ ਆਦੇਸ਼ ਨੂੰ ਸਮਰਪਿਤ ਹੈ, ਨੇ 27 ਜੁਲਾਈ 2017 ਨੂੰ ਜਾਰੀ ਕੀਤੇ ਆਪਣੇ ਲਿਖਤੀ ਹੁਕਮਨਾਮੇ ਵਿੱਚ ਸਪਸ਼ਟ ਕੀਤਾ ਸੀ ਕਿ ਦਿਲਗੀਰ ਦੀਆਂ ਲਿਖਤਾਂ ਵਿੱਚ ਇਤਰਾਜ਼ਯੋਗ ਸਮਗਰੀ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਰੋਸ ਨੂੰ ਮੁੱਖ ਰੱਖਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਦਵਾਨਾਂ ਦੀ ਕਮੇਟੀ ਦੁਆਰਾ ਪੜਤਾਲ ਕਰਵਾਈ ਗਈ ,ਅਤੇ ਪੜਤਾਲੀਆ ਰਿਪੋਰਟ ਵਿੱਚ ਦਿਲਗੀਰ ਦੀਆਂ ਲਿਖਤਾਂ ਵਿੱਚ ਸਿੱਖ ਪੰਥਕ ਮਰਿਆਦਾਵਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ, ਅੰਮ੍ਰਿਤ, ਨਿੱਤਨੇਮ, ਅਰਦਾਸ, ਦਸਮ ਗ੍ਰੰਥ ਦੀ ਬਾਣੀ ਅਤੇ ਧਾਰਮਿਕ ਅਸਥਾਨਾਂ ਦੀ ਪਵਿੱਤਰਤਾ ਆਦਿ ਸਬੰਧੀ ਬਹੁਤ ਹੀ ਨੀਵੇਂ ਪੱਧਰ ਅਤੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਸਪਸ਼ਟ ਤੌਰ ’ਤੇ ਸਾਬਤ ਹੋਈ।
ਜਿਸ ਨੂੰ ਮੁੱਖ ਰੱਖ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਦੀਰਘ ਵਿਚਾਰ ਕਰਨ ਉਪਰ ਫ਼ੈਸਲਾ ਕਰਦਿਆਂ ਸਿੱਖ ਸੰਗਤ ਨੂੰ ਆਦੇਸ਼ ਕੀਤਾ ਕਿ ਜਿੰਨੀ ਦੇਰ ਤੱਕ ਹਰਜਿੰਦਰ ਦਿਲਗੀਰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਨਹੀਂ ਦੇ ਦਿੰਦੇ ਉਹਨਾਂ ਚਿਰ ਸਿੱਖ ਸੰਗਤਾਂ ਉਸ ਨੂੰ ਮੂੰਹ ਨਾ ਲਾਉਣ ਅਤੇ ਕਿਸੇ ਵੀ ਧਾਰਮਿਕ, ਸਮਾਜਿਕ, ਰਾਜਨੀਤਿਕ ਸਟੇਜ ਉੱਪਰ ਉਸ ਨੂੰ ਨਾ ਬੋਲਣ ਦਿੱਤਾ ਜਾਵੇ ਤੇ ਉਸ ਦੀਆਂ ਲਿਖੀਆਂ ਕਿਤਾਬਾਂ ਉੱਪਰ ਵੀ ਪੂਰਨ ਤੌਰ ਤੇ ਰੋਕ ਲਗਾਈ ਗਈ।
ਪ੍ਰੋ. ਖ਼ਿਆਲਾ ਨੇ ਦੱਸਿਆ ਕਿ “8 ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦਿਲਗੀਰ ਕਦੇ ਵੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਨਹੀਂ ਹੋਇਆ। ਨਾ ਉਸ ਨੇ ਆਪਣੀਆਂ ਲਿਖਤਾਂ ਬਾਰੇ ਸਪਸ਼ਟੀਕਰਨ ਦਿੱਤਾ, ਨਾ ਹੀ ਖਿਮਾ ਮੰਗੀ। ਅਜਿਹੇ ਵਿਅਕਤੀ ਨੂੰ ਪੰਜਾਬ ਯੂਨੀਵਰਸਿਟੀ ਜਿਹੀ ਮਾਣਯੋਗ ਸਿੱਖਿਅਕ ਸੰਸਥਾ ਵੱਲੋਂ ਮੰਚ ਪ੍ਰਦਾਨ ਕਰਨਾ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੁੱਲ੍ਹਾ ਖਿਲਵਾੜ ਦੇ ਬਰਾਬਰ ਹੈ।”
ਉਹਨਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਜੋ ਵਿਅਕਤੀ ਸਿੱਖ ਧਰਮ ਦੇ ਮੂਲ ਸਿਧਾਂਤਾਂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ, ਸਿੱਖ ਇਤਿਹਾਸ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਹਸਤੀ ਤੱਕ ਨੂੰ ਚੁਨੌਤੀ ਦੇ ਚੁੱਕਾ ਹੋਵੇ, ਉਸ ਤੋਂ ਗੁਰਮਤ ਅਨੁਕੂਲ ਵਿਚਾਰਾਂ ਦੀ ਉਮੀਦ ਕਰਨਾ ਬੇਕਾਰ ਹੈ।
ਪ੍ਰੋ. ਖ਼ਿਆਲਾ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ “ਜੇਕਰ ਪੰਜਾਬ ਯੂਨੀਵਰਸਿਟੀ ਇਸ ਵਿਵਾਦਪੂਰਨ ਕਾਨਫ਼ਰੰਸ ਨੂੰ ਰੱਦ ਨਹੀਂ ਕਰਦੀ, ਤਾਂ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚੇਗੀ ਅਤੇ ਕਿਸੇ ਵੀ ਅਣਚਾਹੀ ਘਟਨਾ ਦੀ ਪੂਰੀ ਜ਼ਿੰਮੇਵਾਰੀ ਯੂਨੀਵਰਸਿਟੀ ਪ੍ਰਸ਼ਾਸਨ ਤੇ ਹੀ ਹੋਵੇਗੀ।”
ਉਹਨਾਂ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਕਿਹਾ ਕਿ ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਸਿੱਖ ਸੰਗਤ ਦੇ ਆਦਰ ਨੂੰ ਮੁੱਖ ਰੱਖਦਿਆਂ ਦਿਲਗੀਰ ਨੂੰ ਯੂਨੀਵਰਸਿਟੀ ਦਾ ਮੰਚ ਨਾ ਦਿੱਤਾ ਜਾਵੇ। ਅਤੇ ਉਸ ਦੁਆਰਾ ਕਰਵਾਈ ਜਾਣ ਵਾਲੀ ਇਹ ਕਾਨਫ਼ਰੰਸ ਤੁਰੰਤ ਰੱਦ ਕੀਤੀ ਜਾਵੇ।




